ਬੀਰਬਲ ਰਿਸ਼ੀ
ਸ਼ੇਰਪੁਰ, 26 ਅਗਸਤ
ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਜਸਵਿੰਦਰਪਾਲ ਸਿੰਘ ਗਰੇਵਾਲ ਦੇ ਦਿਸ਼ਾ-ਨਿਰਦੇਸ਼ਾਂ ’ਤੇ ਬਲਾਕ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ ਧੂਰੀ ਦੀ ਅਗਵਾਈ ਹੇਠਲੀ ਟੀਮ ਵੱਲੋਂ ਅੱਜ ਸਿਖ਼ਰ ਦੁਪਹਿਰੇ ਪਿੰਡ ਘਨੌਰੀ ਕਲਾਂ ਦੇ ਖੇਤਾਂ ਵਿੱਚ ਝੋਨੇ ਦੀਆਂ ਵੱਖ-ਵੱਖ ਕਿਸਮਾਂ ਨੂੰ ਪੈ ਰਹੀ ਗੋਭ ਦੀ ਸੁੰਡੀ, ਪੀਲਾ ਲਪੇਟ ਸਮੇਤ ਹੋਰ ਮੌਸਮੀ ਬਿਮਾਰੀਆਂ ਦਾ ਨਿਰੀਖ਼ਣ ਕਰਦਿਆਂ ਬਿਮਾਰੀਆਂ ਦੀ ਰੋਕਥਾਮ ਸਬੰਧੀ ਕੀਮਤੀ ਸੁਝਾਅ ਦਿੱਤੇ।
ਇਸ ਮੌਕੇ ਮਾਹਿਰਾਂ ਦੀ ਟੀਮ ਵਿੱਚ ਖਾਸ਼ ਤੌਰ ’ਤੇ ਖੇਤੀਬਾੜੀ ਵਿਕਾਸ ਅਫ਼ਸਰ ਡਾ. ਸ਼ਿਵੰਦਰ ਸਿੰਘ, ਖੇਤੀਬਾੜੀ ਇੰਸਪੈਕਟਰ ਨਰੇਸ਼ ਕੁਮਾਰ ਆਦਿ ਵੀ ਸ਼ਾਮਲ ਸਨ। ਬਲਾਕ ਖੇਤੀਬਾੜੀ ਅਫ਼ਸਰ ਜਸਵਿੰਦਰ ਸਿੰਘ ਨੇ ਘਨੌਰੀ ਕਲਾਂ-ਬਾਦਸ਼ਾਹਪੁਰ ਸੜਕ ’ਤੇ ਉੱਦਮੀ ਤੇ ਉਤਸ਼ਾਹੀ ਨੌਜਵਾਨ ਰਤਿੰਦਰ ਸਿੰਘ ਰਤਨ ਅਤੇ ਜਗਦੀਪ ਸਿੰਘ ਜੱਗੀ ਘਨੌਰੀ ਦੇ ਖੇਤਾਂ ਵਿੱਚ ਝੋਨੇ ਦੀ ਫ਼ਸਲ ਨੂੰ ਡੂੰਘਾਈ ਨਾਲ ਜਾਚਿਆ-ਵਾਚਿਆ, ਫ਼ਸਲ ਦੀ ਬਿਹਤਰੀ ਤੇ ਬਚਾਅ ਲਈ ਲੋੜੀਦੀਆਂ ਦਵਾਈਆਂ ਦੱਸੀਆਂ। ਇਸੇ ਤਰ੍ਹਾਂ ਜਗਪਾਲ ਰਿਸ਼ੀ ਦੇ ਖੇਤ ਵਿੱਚ ਝੋਨੇ ਦੀ ਪਛੇਤੀ ਇੱਕ ਕਿਸਮ ਵਿੱਚ ਪੀਲਾ ਪੱਤਾ ਹੋਣ ਦੀ ਸ਼ਿਕਾਇਤ ਸਬੰਧੀ ਉਨ੍ਹਾਂ ਕਿਹਾ ਕਿ ਇਸ ਫ਼ਸਲ ਨੂੰ ਗੋਭ ਦੀ ਸੁੰਡੀ ਦੀ ਸਮੱਸਿਆ ਮੁੱਢਲੇ ਤੌਰ ’ਤੇ ਤਕਰੀਬਨ 5 ਫ਼ੀਸਦ ਹੈ ਪਰ ਵਿਭਾਗ ਇਸ ਨੂੰ ਹਾਲੇ ਆਰਥਿਕ ਆਧਾਰ ’ਤੇ ਨਹੀਂ ਮੰਨਦਾ। ਉਨ੍ਹਾਂ ਮੌਕੇ ’ਤੇ ਇਕੱਤਰ ਕਿਸਾਨਾਂ ਨੂੰ ਚੇਤਨ ਕਰਦਿਆਂ ਖੇਤ ’ਚ ਯੂਰੀਏ ਤੇ ਦਵਾਈਆਂ ਦੀ ਵਰਤੋਂ ਵਿਭਾਗ ਦੇ ਰਾਇ-ਮਸ਼ਵਰੇ ਨਾਲ ਹੀ ਕਰਨੀ ਚਾਹੀਦੀ ਹੈ।
ਚਿੱਟੀ ਮੱਖੀ ਤੇ ਹਰੇ ਤੇਲੇ ਦੇ ਹਮਲੇ ਸਬੰਧੀ ਨਰਮੇ ਦੀ ਫ਼ਸਲ ਦਾ ਨਿਰੀਖਣ
ਲਹਿਰਾਗਾਗਾ (ਰਮੇਸ਼ ਭਾਰਦਵਾਜ): ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫਾਰਮਰ ਸਲਾਹਕਾਰ ਕੇਂਦਰ ਸੰੰਗਰੂਰ ਦੇ ਮੁਖੀ ਡਾ. ਬੂਟਾ ਸਿੰਘ ਰੋਮਾਣਾ ਦੀ ਅਗਵਾਈ ’ਚ ਪਿੰਡ ਰਾਮਗੜ੍ਹ ਸੰਧੂਆਂ, ਘੌੜੇਨਬ, ਕੌਹਰੀਆਂ, ਢਡੋਲੀ ਖੁਰਦ ਤੇ ਚੱਠੇ ਨਨ੍ਹੇਹੜਾ ਦੇ ਖੇਤਾਂ ’ਚ ਬੀਜੇ ਨਰਮੇ ਦੀ ਫ਼ਸਲ ’ਚ ਚਿੱਟੀ ਮੱਖੀ ਅਤੇ ਹਰੇ ਤੇਲੇ ਦੇ ਹਮਲੇ ਸਬੰਧੀ ਜਾਇਜ਼ਾ ਲੈਣ ਲਈ ਖੇਤਾਂ ’ਚ ਜਾ ਕੇ ਸਰਵੇਖਣ ਕੀਤਾ। ਟੀਮ ਨੇ ਹਮਲੇ ਨੂੰ ਔਸਤਨ ਠੀਕ ਪਾਇਆ ਪਰ ਇੱਕ ਖੇਤ ’ਚ ਭੂਰੇ ਪੱਤੇ ਦੇ ਭੂਰੇ ਧੱਬਿਆਂ ਦਾ ਹਮਲਾ ਜ਼ਰੂਰ ਦੇਖਿਆ ਗਿਆ। ਡਾ. ਰੋਮਾਣਾ ਨੇ ਕਿਸਾਨਾਂ ਨੂੰ ਜ਼ਿਆਦਾ ਵਧੇ ਨਰਮੇ ਵਾਲੇ ਖੇਤਾਂ ’ਚ ਚਮਤਕਾਰ ਦਾ ਛਿੜਕਾਅ ਕਰਨ ਲਈ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਪੰਜ ਪਿੰਡਾਂ ’ਚ ਹਰਾ ਤੇਲਾ 70 ਫੀਸਦੀ ਅਤੇ ਬਾਕੀ ’ਚ 30-40 ਫੀਸਦੀ ਦਾ ਨੋਟਿਸ ਲਿਆ ਹੈ। ਉਨ੍ਹਾਂ ਕਿਹਾ ਕਿ ਨਰਮੇ ਦਾ ਕੱਦ ਜ਼ਿਆਦਾ ਹੈ ਅਤੇ ਹਰਾ ਟੀਂਡਾ ਦਰਮਿਆਨਾ। ਇਸ ਤੋਂ ਇਲਾਵਾ ਫੁੱਲ ਝੜਨ ਦੀ ਸਮੱਸਿਆ ਵੀ ਦੇਖਣ ਨੂੰ ਮਿਲੀ ਜਿਸ ਲਈ ਉਨ੍ਹਾਂ ਕਿਸਾਨਾਂ ਨੂੰ ਉਲਾਲਾ ਜਾਂ ਉਲਾਲਾ ਵਾਲਾ ਸਾਲਟ ਅਤੇ ਕੌਨਫੀਡੋਰ ਦਾ ਛਿੜਕਾਅ ਕੀਤਾ ਹੈ ਅਤੇ 80 ਫੀਸਦੀ ਕਿਸਾਨਾਂ ਨੇ ਇਕ-ਦੋ ਸਪਰੇਅ ਪੋਟਾਸ਼ੀਅਮ ਨਾਇਟਰੇਟ ਦੇ ਇਕ-ਦੋ ਕਿੱਲੋ ਪ੍ਰਤੀ ਏਕੜ ਨਾਲ ਸਪਰੇਅ ਕੀਤੇ ਹਨ।