ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 25 ਅਪਰੈਲ
ਇੱਥੇ ਬਿਜਲੀ ਦੇ ਸਾਮਾਨ ਦੇ ਇੱਕ ਗੁਦਾਮ ਵਿੱਚ ਲੱਗੀ ਅੱਗ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ। ਅੱਗ ’ਤੇ ਕਾਬੂ ਪਾਉਣ ਲਈ ਤਿੰਨ ਅੱਗ ਬੁਝਾਊ ਗੱਡੀਆਂ ਬੁਲਾਉਣੀਆਂ ਪਈਆਂ।
ਜਾਣਕਾਰੀ ਅਨੁਸਾਰ ਸੁਨਾਮ ਪਟਿਆਲਾ ਰੋਡ ’ਤੇ ਸਥਿਤ ਗੋਇਲ ਵਾਚ ਕੰਪਨੀ (ਰਾਜ ਲਹਿਰੇ ਵਾਲਾ) ਨਾਮੀਂ ਫ਼ਰਮ ਦੇ ਇਸ ਗੁਦਾਮ ਵਿੱਚ ਏਸੀ, ਕੂਲਰ, ਫਰਿੱਜ ਅਤੇ ਹੋਰ ਬਿਜਲੀ ਦੇ ਉਪਕਰਨ ਰੱਖੇ ਹੋਏ ਸਨ। ਬਿਜਲੀ ਉਪਕਰਨਾਂ ਨਾਲ ਖਚਾ ਖਚ ਭਰੇ ਇਸ ਗੁਦਾਮ ਵਿੱਚ ਬਾਅਦ ਦੁਪਹਿਰ ਇਕ ਵਜੇ ਦੇ ਕਰੀਬ ਅਚਾਨਕ ਅੱਗ ਲੱਗ ਗਈ। ਮੌਕੇ ’ਤੇ ਮੌਜੂਦ ਲੋਕਾਂ ਵੱਲੋਂ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਅੱਗ ਦੀਆਂ ਲਪਟਾਂ ਵਧਦੀਆਂ ਗਈਆਂ। ਖਬਰ ਮਿਲਦਿਆਂ ਹੀ ਡੀਐੱਸਪੀ ਸੁਨਾਮ ਬਲਜਿੰਦਰ ਸਿੰਘ ਪੰਨੂ ਅਤੇ ਐੱਸਐੱਚਓ ਜਤਿੰਦਰਪਾਲ ਸਿੰਘ ਵੱਲੋਂ ਪਹੁੰਚ ਕੇ ਅੱਗ ਬੁਝਾਊ ਕਾਰਜਾਂ ਦੀ ਅਗਵਾਈ ਕੀਤੀ ਗਈ। ਸੁਨਾਮ ਤੋਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਮੈਡਮ ਦਾਮਨ ਥਿੰਦ ਬਾਜਵਾ, ਹਰਮਨਦੇਵ ਬਾਜਵਾ, ਜ਼ਿਲ੍ਹਾ ਪ੍ਰਧਾਨ ਰਾਜਿੰਦਰ ਸਿੰਘ ਰਾਜਾ, ਸੁਨਾਮ ਨਗਰ ਕੌਂਸਲ ਦੇ ਪ੍ਰਧਾਨ ਨਿਸ਼ਾਨ ਸਿੰਘ ਟੋਨੀ, ਮਾਰਕੀਟ ਕਮੇਟੀ ਦੇ ਚੇਅਰਮੈਨ ਮੁਨੀਸ਼ ਸੋਨੀ ਵੀ ਮੌਕੇ ’ਤੇ ਪਹੁੰਚ ਗਏ। ਸੁਨਾਮ ਸਮੇਤ ਹੋਰਨਾਂ ਥਾਵਾਂ ਤੋਂ ਸੱਦੀਆਂ ਤਿੰਨ ਅੱਗ ਬੁਝਾਊ ਗੱਡੀਆਂ ਨੂੰ ਅੱਗ ਬੁਝਾਉਣ ਲਈ ਬੜੀ ਮੁਸ਼ੱਕਤ ਕਰਨੀ ਪਈ। ਪੁਲੀਸ ਪ੍ਰਸ਼ਾਸਨ ਵੱਲੋਂ ਜੇਸੀਬੀ ਦੀ ਮਦਦ ਨਾਲ ਗੋਦਾਮ ਦੀਆਂ ਕੰਧਾਂ ਭੰਨ ਕੇ ਅੱਗ ਨੂੰ ਅੱਗੇ ਵਧਣ ਤੋਂ ਰੋਕਿਆ ਗਿਆ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਅੱਗ ਨਾਲ ਕਰੋੜਾਂ ਰੁਪਏ ਦੇ ਬਿਜਲੀ ਦੇ ਉਪਕਰਣ ਸੜ ਕੇ ਤਬਾਹ ਹੋ ਗਏ ਹਨ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ।