ਪੱਤਰ ਪੇ੍ਰਕ
ਲਹਿਰਾਗਾਗਾ, 6 ਸਤੰਬਰ
ਇਥੇ ਰਿਲਾਇੰਸ ਪੰਪ ਅੱਗੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਵੱਲੋਂ ਪੱਕੇ ਮੋਰਚੇ ਦੇ 340ਵੇਂ ਦਿਨ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ ਅਤੇ ਮਹਿਲਾ ਵਿੰਗ ਦੀ ਬਲਾਕ ਪ੍ਰਧਾਨ ਕਰਮਜੀਤ ਕੌਰ ਭੁਟਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁਜ਼ੱਫਰਨਗਰ ਦੀ ਮਹਾਂਪੰਚਾਇਤ ਵਿਚ ਦੇਸ਼ ਭਰ ਦੇ ਕਿਸਾਨਾਂ ਦਾ ਉਮੜਿਆ ਜਨ ਸੈਲਾਬ ਦੇਖ ਕੇ ਭਾਜਪਾ ਸਰਕਾਰ ਅਤੇ ਉਸ ਦੇ ਪਿਆਦਿਆਂ ਦੇ ਪੈਰ ਹੇਠੋਂ ਜ਼ਮੀਨ ਖਿਸਕ ਗਈ ਹੈ ਜਿਸ ਕਰਕੇ ਭਾਜਪਾ ਦੇ ਆਗੂ ਬੁਖਲਾ ਗਏ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦਾ ਬੜਬੋਲਾ ਮੋਹਰਾ ਹਰਜੀਤ ਗਰੇਵਾਲ ਤਾਂ ਇਸ ਕਦਰ ਬੌਖਲਾ ਗਿਆ ਹੈ ਕਿ ਉਹ ਕਿਸੇ ਮਹਿਲਾ ਨਾਲ ਗੱਲਬਾਤ ਕਰਨ ਦੀ ਮਰਿਆਦਾ ਭੁੱਲ ਕੇ ਸਹੀ ਜਵਾਬ ਦੇਣ ਦੀ ਥਾਂ ਬੇਤੁਕੇ ਸ਼ਬਦਾਂ ਦਾ ਪ੍ਰਯੋਗ ਕਰਨ ਲੱਗ ਪਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਪਾਲਤੂ ਹਰਜੀਤ ਗਰੇਵਾਲ ਨੇ ਸਮਰ ਨਿਊਜ਼ ਦੀ ਇਕ ਮਹਿਲਾ ਪੱਤਰਕਾਰ ਸਾਲੂ ਮਿਰੋਕ ਦੇ ਸਵਾਲ ਦਾ ਜਵਾਬ ਦੇਣ ਦੀ ਥਾਂ ਉਸ ਨੂੰ ਉਸ ਦੇ ਪਿਤਾ ਦੀ ਆਈਡੈਂਟੀਫਿਕੇਸ਼ਨ ਦੇਣ ਲਈ ਆਖਕੇ ਆਪਣੀ ਘਟੀਆ ਮਾਨਸਿਕਤਾ ਦਾ ਸਬੂਤ ਇੱਕ ਵਾਰ ਫਿਰ ਦੇ ਦਿੱਤਾ ਹੈ।
ਉਨ੍ਹਾਂ ਗਰੇਵਾਲ ਨੂੰ ਕਿਹਾ ਕਿ ਉਸ ਲਈ ਇਹ ਓਨਾ ਹੀ ਚੰਗਾ ਹੋਵੇਗਾ ਜਿੰਨੀ ਛੇਤੀ ਉਹ ਮਹਿਲਾ ਪੱਤਰਕਾਰ ਸ਼ਾਲੂ ਮਿਰੋਕ ਕੋਲੋਂ ਮੁਆਫੀ ਮੰਗ ਲਵੇ। ਨਹੀਂ ਤਾਂ ਲੋਕ ਉਸ ਦਾ ਪਿੰਡਾਂ ਵਿੱਚ ਵੜਨਾ ਬੰਦ ਕਰ ਦੇਣਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਮਜ਼ਦੂਰਾਂ ਅਤੇ ਛੋਟੇ ਦੁਕਾਨਦਾਰਾਂ ਦਾ ਏਕਾ ਖੇਤੀ ਕਾਨੂੰਨਾਂ ਨੂੰ ਰੱਦ ਵੀ ਕਰਵਾ ਕੇ ਰਹੇਗਾ ਅਤੇ ਭਾਜਪਾ ਆਗੂਆਂ ਨੂੰ ਲੁਕਦੇ ਨੂੰ ਥਾ ਨਹੀਂ ਥਿਆਵੇਗੀ। ਇਸ ਮੌਕੇ ਸੂਬਾ ਸਿੰਘ ਸੰਗਤਪੁਰਾ, ਲੀਲਾ ਸਿੰਘ ਚੋਟੀਆਂ, ਬਲਜੀਤ ਸਿੰਘ ਗੋਬਿੰਦਗੜ੍ਹ ਜੇਜੀਆਂ, ਜੱਸੀ ਇਕਾਈ ਪ੍ਰਧਾਨ ਸੇਖੂਵਾਸ, ਕਰਮਜੀਤ ਕੌਰ, ਜਸਵਿੰਦਰ ਕੌਰ ਗਾਗਾ, ਜਸ਼ਨਦੀਪ ਕੋਰ ਪਸ਼ੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ 27 ਸਤੰਬਰ ਨੂੰ ਭਾਰਤ ਬੰਦ ਦੀਆਂ ਹੁਣੇ ਤੋਂ ਜਥੇਬੰਦੀਆਂ ਨੇ ਪੂਰੀ ਤਿਆਰੀਆਂ ਕਰ ਲਈਆਂ ਹਨ ਅਤੇ ਭਾਜਪਾ ਖਿਲਾਫ ਦੇਸ਼ ਪੱਧਰ ’ਤੇ ਵਿਰੋਧ ਹਰ ਹੀਲੇ ਜਾਰੀ ਰੱਖਿਆ ਜਾਵੇਗਾ।