ਮੁਕੰਦ ਸਿੰਘ ਚੀਮਾ
ਸੰਦੌੜ, 6 ਫਰਵਰੀ
ਹਲਕਾ ਮਾਲੇਰਕੋਟਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਜਮੀਲ ਉਰ ਰਹਿਮਾਨ ਨੇ ਅੱਜ ਇੱਥੇ ਅਨਾਜ ਮੰਡੀ ਵਿੱਚ ਆਪਣੇ ਚੋਣ ਦਫਤਰ ਦਾ ਉਦਘਾਟਨ ਕੀਤਾ। ਇਸ ਮਗਰੋਂ ਡਾ. ਜਮੀਲ ਉਰ ਰਹਿਮਾਨ ਨੇ ਕਿਹਾ ਕਿ ਹਲਕੇ ਦੇ ਲੋਕ ਬਿਨਾਂ ਕਿਸੇ ਡਰ ਤੋਂ ਆਪਣੇ ਵੋਟ ਦਾ ਇਸਤੇਮਾਲ ਕਰਦੇ ਹੋਏ ਨਫਤਰ ਦੀ ਰਾਜਨੀਤੀ ਕਰਨ ਵਾਲੀਆਂ ਰਵਾਇਤੀ ਪਾਰਟੀਆਂ ਨੂੰ ਸਬਕ ਸਿਖਾਉਣ।
ਉਨ੍ਹਾਂ ਕਿਹਾ ਕਿ ‘ਆਪ’ ਵੱਲੋਂ ਪੰਜਾਬ ਦੇ ਲੋਕਾਂ ਦੇ ਨਾਲ ਵਾਅਦੇ ਨਹੀਂ ਕੀਤੇ ਗਏ ਸਗੋਂ ਗਾਰੰਟੀਆਂ ਦਿੱਤੀਆਂ ਹਨ ਜਿਨ੍ਹਾਂ ਨੂੰ ਕੇਜਰੀਵਾਲ ਨੇ ਦਿੱਲੀ ਵਿੱਚ ਕਰ ਕੇ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਕ ਵਾਰ ਆਮ ਆਦਮੀ ਪਾਰਟੀ ਨੂੰ ਮੌਕਾ ਜ਼ਰੂਰ ਦੇ ਕੇ ਦੇਖਣ। ਇਸ ਮੌਕੇ ਦਲਬੀਰ ਸਿੰਘ ਕਲਿਆਣ, ਹਰਜੀਤ ਸਿੰਘ ਕਲਿਆਣ, ਕਰਮਜੀਤ ਸਿੰਘ ਕੁਠਾਲਾ, ਸੰਤੋਖ ਸਿੰਘ ਦਸੌਧਾ ਸਿੰਘ ਵਾਲਾ, ਜਗਤਾਰ ਸਿੰਘ ਜੱਸਲ, ਜੱਸੂ ਫਰਵਾਲੀ, ਰਾਜੂ ਕੁਠਾਲਾ, ਚਰਨਜੀਤ ਸਿੰਘ ਚੀਮਾ, ਜੁਗਰਾਜ ਸਿੰਘ ਫੌਜੇਵਾਲ, ਸਤਿਗੁਰ ਸਿੰਘ ਕਲਿਆਣ ਸਮੇਤ ਕਈ ਆਪ ਆਗੂ ਹਾਜ਼ਰ ਸਨ।
ਮਾਲੇਰਕੋਟਲਾ (ਨਿੱਜੀ ਪੱਤਰ ਪ੍ਰੇਰਕ): ਸਥਾਨਕ ਮੁਹੱਲਾ ਭੁਮਸੀ ਵਿੱਚ ਲੰਘੀ ਸ਼ਾਮ ਚੋਣ ਨੁੱਕੜ ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿਧਾਨ ਸਭਾ ਹਲਕਾ ਮਾਲੇਰਕੋਟਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਜਮੀਲ ਉਰ ਰਹਿਮਾਨ ਨੇ ਕਿਹਾ ਕਿ ਹਲਕਾ ਮਾਲੇਰਕੋਟਲਾ ਦੇ ਲੋਕ ਬਾਕੀ ਪੰਜਾਬ ਦੇ ਲੋਕਾਂ ਵਾਂਗ ਅਕਾਲੀ-ਭਾਜਪਾ ਅਤੇ ਕਾਗਰਸ ਦੀਆਂ ਪੰਜਾਬ ਵਿਰੋਧੀ ਨੀਤੀਆਂ ਨੁੰ ਸਮਝ ਚੁੱਕੇ ਹਨ। ਇਸ ਲਈ ਹੁਣ ਪੰਜਾਬ ਵਿੱਚ ਸਿਆਸੀ ਤਬਦੀਲੀ ਆਉਣ ਦੇ ਆਸਾਰ ਸਪੱਸ਼ਟ ਨਜ਼ਰ ਆ ਰਹੇ ਹਨ। ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨਾ ਤੈਅ ਹੈ।