ਬੀਰਬਲ ਰਿਸ਼ੀ
ਸ਼ੇਰਪੁਰ, 13 ਜੂਨ
ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਸੰਗਰੂਰ ਤੋਂ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਹੁਲਾਰਾ ਮਿਲਿਆ ਜਦੋਂ ਪਾਰਟੀ ਦੇ ਵਿਧਾਇਕਾਂ ਨੇ ਪਿੰਡਾਂ ਵਿੱਚ ਸਥਾਨਕ ਆਗੂਆਂ ਦੇ ਸਹਿਯੋਗ ਨਾਲ ਆਪਣੇ ਪੱਧਰ ’ਤੇ ਰੈਲੀਆਂ ਅਤੇ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ।
ਦੋ ਦਿਨਾਂ ’ਚ ਸ਼ੇਰਪੁਰ ਦੇ ਪੰਦਰਾਂ ਪਿੰਡਾਂ ਵਿੱਚ ਕੀਤੀਆਂ ਜਨਤਕ ਮੀਟਿੰਗਾਂ ਦੌਰਾਨ ਵਿਧਾਇਕ ਤੇ ਸਾਬਕਾ ਪੁਲੀਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਘਰਾਚੋਂ ਦੀ ਜਿੱਤ ਦੀਆਂ ਸ਼ੁਭਕਾਮਨਾਵਾਂ ਦੀ ਥਾਂ ਪੱਕੀ ਜਿੱਤ ਮੰਨਦਿਆਂ ਅਗਾਊਂ ਮੁਬਾਰਕਵਾਦ ਦਿੱਤੀ। ਉਨ੍ਹਾਂ ਕਿਹਾ ਕਿ ਭਾਵੇਂ ਪਿਛਲੇ ਸਮੇਂ ਦੌਰਾਨ ਕੈਪਟਨ ਤੇ ਬਾਦਲ ਘਿਉ-ਖਿਚੜੀ ਹੋਣ ਕਾਰਨ ਬੇਅਦਬੀ ਦੇ ਦੋਸ਼ੀਆਂ ’ਤੇ ਕਾਰਵਾਈ ਸੰਭਵ ਨਹੀਂ ਹੋ ਸਕੀ ਪਰ ਉਹ ਹੁਣ ਸਜ਼ਾ ਜ਼ਰੂਰ ਮਿਲੇਗੀ। ਉਨ੍ਹਾਂ ਨਾਲ ਪੰਚਾਇਤ ਯੂਨੀਅਨ ਦੇ ਪ੍ਰਧਾਨ ਗੁਰਦੀਪ ਸਿੰਘ ਅਲੀਪੁਰ, ਹੈਪੀ ਔਲਖ ਆਦਿ ਵੀ ਹਾਜ਼ਰ ਸਨ।
ਇਸੇ ਦੌਰਾਨ ਬਾਬਾ ਬਕਾਲਾ ਤੋਂ ‘ਆਪ’ ਵਿਧਾਇਕ ਵਿਧਾਇਕ ਦਲਵੀਰ ਸਿੰਘ ਟੌਂਗ ਅਤੇ ਪਾਰਟੀ ਦੇ ਸੂਬਾਈ ਜਨਰਲ ਸਕੱਤਰ ਦੀ ਅਗਵਾਈ ਹੇਠ ਪਿੰਡ ਬਮਾਲ, ਕਾਤਰੋਂ, ਘਨੌਰੀ ਕਲਾਂ ਸਮੇਤ ਅੱਧੀ ਦਰਜਨ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ। ਆਗੂਆਂ ਨੇ ਕਿਹਾ ਕਿ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਪਾਰਟੀਆਂ ਵੇਲਾ ਵਿਹਾ ਚੁੱਕੀਆਂ ਹਨ ਜੋ ਆਪਣੀ ਹੋਂਦ ਦੀ ਲੜਾਈ ਲੜ ਰਹੀਆਂ ਹਨ। ਉਨ੍ਹਾਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਭਲੇ ਲਈ ਗੁਰਮੇਲ ਸਿੰਘ ਘਰਾਚੋਂ ਨੂੰ ਵੋਟ ਪਾਉਣ ਦਾ ਸੱਦਾ ਦਿੱਤਾ। ਇਸ ਮੌਕੇ ਮਾਸਟਰ ਕੁਲਵੰਤ ਸਿੰਘ, ਆਪ ਆਗੂ ਗੁਰਮੇਲ ਸਿੰਘ, ਅਮਨ ਖਾਨ ਅਤੇ ਗੁਰਤੇਜ ਸਿੰਘ ਆਦਿ ਵੀ ਹਾਜ਼ਰ ਸਨ।