ਸਰਬਜੀਤ ਸਿੰਘ ਭੰਗੂ
ਸਨੌਰ, 22 ਮਈ
ਹਲਕਾ ਸਨੌਰ ਦੇ ਅਧੀਨ ਪੈਂਦੇ ‘ਢਿੱਲੋਂ ਫਨ ਵਰਲਡ’ ਵਿੱਚ ਹਲਕਾ ਸਨੌਰ ਦੇ ‘ਆਪ’ ਆਗੂਆਂ ਦੀ ਹੋਈ ਮੀਟਿੰਗ ਦੌਰਾਨ ਕਰੋਨਾ ਕਾਰਨ ਲੱਗਦੇ ਲੌਕਡਾਊਨ ਅਤੇ ਕਰਫਿਊ ਕਾਰਨ ਮੁਸ਼ਕਲਾਂ ’ਚ ਫਸੇ ਮਜ਼ਲੂਮਾਂ ਦੀ ਹੋਰ ਵੀ ਵਧੇਰੇ ਵਧ ਚੜ੍ਹ ਕੇ ਮਦਦ ਕਰਨ ਦਾ ਫੈਸਲਾ ਲਿਆ ਗਿਆ। ਨਾਲ਼ ਹੀ ਬਣਦੀ ਜ਼ਿੰਮੇਵਾਰੀ ਨਿਭਾਉਣ ’ਤੇ ਅਸਫ਼ਲ ਦੱਸਦਿਆਂ, ਪੰਜਾਬ ਸਰਕਾਰ ਨੂੰ ਦਿੱਲੀ ਦੀ ‘ਆਪ’ ਸਰਕਾਰ ਦੀ ਤਰਜ਼ ’ਤੇ ਗਰੀਬਾਂ ਦੀ ਮਦਦ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਲੋਕਾਂ ਦੀ ਵਿੱਤੀ ਮਦਦ ਤੋਂ ਟਾਲ਼ਾ ਵੱਟਣ ਦੀ ਵਜਾਏ, ਕੈਪਟਨ ਸਰਕਾਰ ਕੇਜਰੀਵਾਲ ਸਰਕਾਰ ਤੋਂ ਸੇਧ ਲੈ ਕੇ ਲੋਕਾਂ ਦੀ ਮਦਦਗਾਰ ਬਣੇ। ਇਸ ਮੌਕੇ ’ਤੇ ਇੰਦਰਜੀਤ ਸੰਧੂ, ਰਣਜੋਧ ਹੜਾਣਾ, ਹਰਮੀਤ ਪਠਾਨਮਜਰਾ, ਗੁਰਮੁਖ ਸਿੰਘ ਖੇੜੀ, ਬਲਜਿੰਦਰ ਢਿਲੋਂ ਤੇ ਬਲਦੇਵ ਸਿੰਘ ਦੇਵੀਗੜ੍ਹ ਸਮੇਤ ‘ਆਪ’ ਦੇ ਹਲਕਾ ਸਨੌਰ ਨਾਲ਼ ਸਬੰਧਤ ਆਗੂਆਂ ਸਮੇਤ ‘ਆਪ’ ਦੀ ਪਟਿਆਲਾ ਸ਼ਹਿਰੀ ਇਕਾਈ ਦੇ ਪ੍ਰਧਾਨ ਤੇਜਿੰਦਰ ਮਹਿਤਾ ਸ਼ਾਮਲ ਹੋਏ। ਮੀਟਿੰਗ ਵਿੱਚ ਅਜੋਕੇ ਭਿਆਨਕ ਦੌਰ ’ਚ ਲੋਕਾਂ ਦੀ ਹੋਰ ਵੀ ਵਧੇਰੇ ਵਧ ਚੜ੍ਹ ਕੇ ਮਦਦ ਕਰਨ ਦਾ ਫੈਸਲਾ ਕੀਤਾ ਗਿਆ। ਪੰਜਾਬ ਸਰਕਾਰ ’ਤੇ ਆਪਣੀ ਬਣਦੀ ਜ਼ਿੰਮੇਵਾਰੀ ਨਾ ਨਿਭਾਅ ਸਕਣ ਦੇ ਦੋਸ਼ ਵੀ ਲਾਏ। ਤਰਕ ਸੀ ਕਿ ਪਹਿਲਾਂ ਤਾਂ ਸਿਰਫ਼ ਕਰੋਨਾ ਮਰੀਜ਼ਾਂ ਲਈ ਹੀ ਅਢੁਕਵੇਂ ਪ੍ਰਬੰਧਾਂ ਦਾ ਮਾਮਲਾ ਉਭਰਿਆ ਸੀ, ਪਰ ਹੁਣ ਤਾਂ ਸਿਹਤ ਮੁਲਾਜ਼ਮਾਂ ਨੂੰ ਵੀ ਢੁਕਵੀਂ ਸਹੂਲਤਾਂ ਨਾ ਮਿਲਣ ਦਾ ਮਾਮਲਾ ਉਜਾਗਰ ਹੋ ਗਿਆ ਹੈ। ‘ਆਪ’ ਆਗੂਆਂ ਦਾ ਕਹਿਣਾ ਸੀ ਕਿ ਸਰਕਾਰ ਕੁਰਸੀ ਅਤੇ ਚੌਧਰ ਦੀ ਲੜਾਈ ਨੂੰ ਛੱਡ ਕੇ ਕਰੋਨਾ ਨਾਲ਼ ਨਿਪਟਣ ਵੱਲ ਧਿਆਨ ਦੇ ਕੇ ਨਿੱਤ ਦਿਨ ਵੱਡੀ ਗਿਣਤੀ ’ਚ ਹੋ ਰਹੀਆਂ ਮੌਤਾਂ ਦੇ ਮੰਦਭਾਗੇ ਵਰਤਾਰੇ ਨੂੰ ਠੱਲ੍ਹ ਪਾਵੇ। ਸਰਕਾਰ ਦੀ ਅਨੇਕਾਂ ਹੋਰ ਮਾਮਲਿਆਂ ’ਚ ਆਮ ਲੋਕਾਂ ਪ੍ਰਤੀ ਬੇਰੁਖੀ ਦਾ ਵੀ ਆਪ ਆਗੂਆਂ ਨੇ ਗੰਭੀਰ ਨੋਟਿਸ ਲਿਆ ਅਤੇ ਚੋਣਾ ਦੌਰਾਨ ਕੀਤੇ ਵਾਅਦਿਆਂ ਦੀ ਪੂਰਤੀ ਨਾ ਕਰਨ ‘ਤੇ ਵੀ ਸਰਕਾਰ ਨੂੰ ਕੋਸਿਆ।