ਸਰਬਜੀਤ ਸਿੰਘ ਭੰਗੂ/ਗੁਰਨਾਮ ਸਿੰਘ ਚੌਹਾਨ
ਪਟਿਆਲਾ/ਪਾਤੜਾਂ, 3 ਫਰਵਰੀ
ਜ਼ਿਲ੍ਹੇ ਦੇ ਵੱਖ ਵੱਖ ਖੇਤਰਾਂ ਵਿੱਚੋਂ ਪੁਲੀਸ ਅਤੇ ਆਬਕਾਰੀ ਵਿਭਾਗ ਦੀਆਂ ਟੀਮਾਂ ਵੱਲੋਂ ਸਾਂਝੇ ਤੌਰ ’ਤੇ ਅਮਲ ’ਚ ਲਿਆਂਦੀ ਗਈ ਕਾਰਵਾਈ ਦੌਰਾਨ 500 ਤੋਂ ਵੀ ਵੱਧ ਪੇਟੀਆਂ ਸ਼ਰਾਬ ਅਤੇ ਕਰੀਬ 700 ਲਿਟਰ ਲਾਹਣ (ਕੱਚੀ ਸ਼ਰਾਬ) ਬਰਾਮਦ ਕੀਤੀ ਗਈ ਹੈ। ਅੱਜ ਇੱਥੇ ਪਟਿਆਲਾ ਦੇ ਐੱਸਐੱਸਪੀ ਡਾ. ਸੰਦੀਪ ਕੁਮਾਰ ਗਰਗ ਨੇ ਦੱਸਿਆ ਕਿ ਪਟਿਆਲਾ ਦੇ ਐੱਸਪੀ ਇਨਵੈਸ਼ਟੀਗੇਸ਼ਨ ਅਤੇ ਆਬਕਾਰੀ ਵਿਭਾਗ ਦੇ ਪੁਲੀਸ ਵਿੰਗ ਦੇ ਏਆਈਜੀ ਹਰਮੀਤ ਸਿੰਘ ਹੁੰਦਲ ਦੀ ਅਗਵਾਈ ਹੇਠ ਚਲਾਏ ਗਏ ਸਾਂਝੇ ਅਪਰੇਸ਼ਨ ਦੌਰਾਨ ਪਾਤੜਾਂ – ਦਿੜ੍ਹਬਾ ਕੈਚੀਆਂ ’ਤੇ ਲਾਏ ਗਏ ਨਾਕੇ ਦੌਰਾਨ ਹਜ਼ੂਰਾ ਸਿੰਘ ਉਰਫ਼ ਕਾਕਾ ਵਾਸੀ ਨਿਊ ਪ੍ਰੋਫੈਸਰ ਕਲੋਨੀ ਪਟਿਆਲਾ ਤੋਂ ਕੈਂਟਰ ਵਿੱਚ ਲਿਜਾਈ ਜਾ ਰਹੀ 500 ਪੇਟੀ ਸ਼ਰਾਬ (ਦੇਸੀ ਠੇਕਾ) ਬਰਾਮਦ ਕੀਤੀ ਗਈ ਹੈ। ਇਸ ਦੌਰਾਨ ਨਾਜਾਇਜ਼ ਸ਼ਰਾਬ ਦੀਆਂ 150 ਪੇਟੀਆਂ ਸ਼ਰਾਬ ਮਾਰਕਾ ਜੁਗਨੀ ਅਤੇ 350 ਪੇਟੀਆਂ ਮਾਰਕਾ ਫ਼ਸਟ ਚੁਆਇਸ ਬਰਾਮਦ ਕੀਤੀ ਗਈ ਹੈ।
ਪਿੰਡ ਸਾਰੋਂ ’ਚੋਂ 172 ਪੇਟੀਆਂ ਸ਼ਰਾਬ ਬਰਾਮਦ
ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਸਦਰ ਪੁਲੀਸ ਅਤੇ ਆਬਕਾਰੀ ਵਿਭਾਗ ਦੀ ਟੀਮ ਵੱਲੋਂ ਪਿੰਡ ਸਾਰੋਂ ਵਿੱਚ ਇੱਕ ਮਕਾਨ ਵਿੱਚ ਛਾਪਾ ਮਾਰ ਕੇ 172 ਪੇਟੀਆਂ ਸ਼ਰਾਬ (2064 ਬੋਤਲਾਂ ) ਬਰਾਮਦ ਕੀਤੀ ਗਈ ਜਦੋਂ ਕਿ ਮਕਾਨ ਮਾਲਕ ਮੌਕੇ ਤੋਂ ਭੱਜਣ ਵਿਚ ਸਫ਼ਲ ਹੋ ਗਿਆ ਹੈ। ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।