ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 27 ਅਕਤੂਬਰ
ਸੰਗਰੂਰ ਪੁਲੀਸ ਨੇ ਲੜਕੀ ਨਾਲ ਜਬਰ-ਜਨਾਹ ਦੇ ਦੋਸ਼ ਹੇਠ ਇਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮ ’ਤੇ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਜਬਰਦਸਤੀ ਕਰਨ ਦਾ ਦੋਸ਼ ਹੈ।
ਥਾਣਾ ਸਿਟੀ ਪੁਲੀਸ ਅਨੁਸਾਰ ਹਾਲ ਆਬਾਦ ਲੌਂਗੋਵਾਲ ਵਾਸੀ ਲੜਕੀ ਨੇ ਦਰਜ ਕਰਵਾਈ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਹੈ। ਉਹ ਲੌਂਗੋਵਾਲ ਵਿੱਚ ਇੱਕ ਔਰਤ ਦੇ ਘਰ ਰਹਿ ਰਹੀ ਹੈ। ਕੁਝ ਦਿਨ ਪਹਿਲਾਂ ਇਕ ਲੜਕੇ ਨਾਲ ਇੰਸਟਾਗ੍ਰਾਮ ’ਤੇ ਦੋਸਤੀ ਹੋ ਗਈ। ਲੜਕੇ ਨੇ 23 ਅਕਤੂਬਰ ਨੂੰ ਉਸ ਨੂੰ ਨਾਭਾ ਗੇਟ ਸੰਗਰੂਰ ਆ ਕੇ ਮਿਲਣ ਲਈ ਕਿਹਾ। ਲੜਕੀ ਅਨੁਸਾਰ ਉਹ ਲੜਕੇ ਦੇ ਕਹਿਣ ’ਤੇ ਨਾਭਾ ਗੇਟ ਸੰਗਰੂਰ ਉਸ ਨੂੰ ਮਿਲਣ ਆਈ। ਉਥੋਂ ਲੜਕਾ ਉਸ ਨੂੰ ਮੋਟਰਸਾਈਕਲ ’ਤੇ ਬਿਠਾ ਕੇ ਇੱਕ ਹੋਟਲ ਵਿੱਚ ਲੈ ਗਿਆ। ਥੋੜਾ ਸਮਾਂ ਗੱਲਬਾਤਾਂ ਤੋਂ ਬਾਅਦ ਲੜਕੇ ਨੇ ਉਸ ਨੂੰ ਵਿਆਹ ਕਰਾਉਣ ਦਾ ਭਰੋਸਾ ਦਿੱਤਾ ਦੇ ਉਸ ਨਾਲ ਜਬਰ-ਜਨਾਹ ਕਰਨ ਦੀ ਕੋਸ਼ਿਸ਼ ਕੀਤੀ।
ਜਦੋਂ ਲੜਕੀ ਉਥੋਂ ਜਾਣ ਲੱਗੀ ਤਾਂ ਲੜਕੇ ਨੇ ਫੋਨ ਫੜ ਲਿਆ ਅਤੇ ਉਸ ਨਾਲ ਮੁੜ ਜਬਦਸਤੀ ਕਰ ਲੱਗਾ। ਰੋਕਣ ਦੇ ਬਾਵਜੂਦ ਲੜਕੇ ਨੇ ਉਸ ਨਾਲ ਜਬਰ-ਜਨਾਹ ਕੀਤਾ। ਇਸ ਮਗਰੋਂ ਲੜਕੇ ਨੇ ਉਸ ਨੂੰ ਨਾਨਕਿਆਣਾ ਚੌਕ ਸੰਗਰੂਰ ਛੱਡ ਦਿੱਤਾ। ਪੀੜਤ ਲੜਕੀ ਲੌਂਗੋਵਾਲ ਵਾਲੀ ਔਰਤ ਦੀ ਸਹੇਲੀ ਦੇ ਘਰ ਗਈ ਤੇ ਘਟਨਾ ਬਾਰੇ ਦੱਸਿਆ। ਇਸ ਮਗਰੋਂ ਪੁਲੀਸ ਕੋਲ ਬਿਆਨ ਦਰਜ ਕਰਵਾਏ ਗਏ। ਥਾਣਾ ਸਿਟੀ ਪੁਲੀਸ ਦੇ ਇੰਚਾਰਜ ਰਮਨਦੀਪ ਸਿੰਘ ਨੇ ਦੱਸਿਆ ਕਿ ਪੀੜਤ ਲੜਕੀ ਦੇ ਬਿਆਨਾਂ ’ਤੇ ਬਲਜਿੰਦਰ ਬਾਵਾ ਵਾਸੀ ਕੈਂਪਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।