ਰਮੇਸ਼ ਭਾਰਦਵਾਜ
ਲਹਿਰਾਗਾਗਾ, 24 ਦਸੰਬਰ
ਨੇੜਲੇ ਪਿੰਡ ਲੇਹਲ ਖੁਰਦ ਦੇ ਇਕ ਪਰਿਵਾਰ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਪੁੱਤਰ ਗੁਰਪ੍ਰੀਤ ਸਿੰਘ (28) ਨੂੰ ਨਸ਼ੇ/ਜ਼ਹਿਰ ਦਾ ਟੀਕਾ ਲਗਾ ਕੇ ਮਾਰ ਦਿੱਤਾ ਗਿਆ ਹੈ। ਥਾਣਾ ਸਦਰ ਦੇ ਐੱਸਐੱਚਓ ਇੰਸਪੈਕਟਰ ਵਿਜੈ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੀ ਮਾਤਾ ਸੁੱਖੋ ਕੌਰ ਪਤਨੀ ਦਾਰਾ ਸਿੰਘ ਵਾਸੀ ਲੇਹਲ ਖੁਰਦ ਅਤੇ ਭਰਾ ਪਰਗਟ ਸਿੰਘ ਨੇ ਦੱਸਿਆ ਕਿ 22 ਦਸੰਬਰ ਸ਼ਾਮ ਨੂੰ ਉਸ ਦਾ ਲੜਕਾ ਜਾਖਲ ਕੰਮ ਉੱਤੇ ਜਾਣ ਲਈ ਲਵਪ੍ਰੀਤ ਸਿੰਘ ਲਵੀ ਨਾਲ ਮੋਟਰਸਾਈਕਲ ’ਤੇ ਗਿਆ ਸੀ ਪਰ ਵਾਪਸ ਨਹੀਂ ਆਇਆ। ਸਵੇਰੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਚੂਲੜ ਕਲਾਂ ਕੋਲ ਲਵਪ੍ਰੀਤ ਸਿਘ ਲਵੀ ਨੇ ਕਥਿਤ ਤੌਰ ਉੱਤੇ ਗੁਰਪ੍ਰੀਤ ਸਿੰਘ ਦੇ ਕਥਿਤ ਨਸ਼ੇ ਦਾ ਟੀਕਾ ਲਗਾ ਦਿੱਤਾ ਜਿਸ ਕਰ ਕੇ ਗੁਰਪ੍ਰੀਤ ਬੇਹੋਸ਼ ਹੋ ਕੇ ਮੋਟਰਸਾਈਕਲ ਤੋਂ ਡਿੱਗ ਗਿਆ ਅਤੇ ਡਿੱਗਣ ਕਰ ਕੇ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ। ਪੁਲੀਸ ਨੇ ਮ੍ਰਿਤਕ ਨੌਜਵਾਨ ਦੀ ਮਾਤਾ ਸੁੱਖੋ ਕੌਰ ਦੇ ਬਿਆਨ ’ਤੇ ਲਵਪ੍ਰੀਤ ਸਿੰਘ ਲਵੀ ਖ਼ਿਲਾਫ਼ ਧਾਰਾ 302 ਅਧੀਨ ਕੇਸ ਦਰਜ ਕਰ ਕੇ ਲਾਸ਼ ਪੋਸਟਮਾਟਰਮ ਲਈ ਭੇਜ ਦਿੱਤੀ ਹੈ।