ਹਰਦੀਪ ਸਿੰਘ ਸੋਢੀ
ਧੂਰੀ, 4 ਸਤੰਬਰ
ਸਥਾਨਕ ਤਹਿਸੀਲ ਵਿੱਚ ਰਜਿਸਟਰੀ ਕਲਰਕ ਵੱਲੋਂ ਇਕ ਵਿਅਕਤੀ ਪਾਸੋਂ ਬਣਦੀ ਫੀਸ ਤੋਂ ਵੱਧ ਵਸੂਲੀ ਗਈ ਰਕਮ ਵਾਪਸ ਮੋੜਨ ਲਈ ਮਜਬੂਰ ਹੋਣਾ ਪਿਆ। ਬਲਜਿੰਦਰ ਸਿੰਘ ਪੁੱਤਰ ਬੱਲਾ ਸਿੰਘ ਵਾਸੀ ਪਿੰਡ ਹੇੜੀਕੇ ਨੇ ਸਥਾਨਕ ਤਹਿਸੀਲ ਕੰਪਲੈਕਸ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਸ ਦੀ ਪਤਨੀ ਕਮਲਜੀਤ ਕੌਰ ਨੇ ਇਕ ਆੜ੍ਹਤੀਏ ਪਾਸੋਂ ਆਪਣੇ ਹੱਕ ’ਚ ਕੱਕੜਵਾਲ ਸਥਿਤ ਰਕਬੇ ’ਚੋਂ ਤਿੰਨ ਵਿਸਵੇ ਜਗ੍ਹਾ ਦਾ ਵਸੀਕਾ ਬੈ-ਨਾਮਾ ਤਹਿਸੀਲ ਧੂਰੀ ਵਿੱਚ ਰਜਿਸਟਰ ਕਰਵਾਇਆ, ਪਰ ਰਜਿਸਟਰੀ ਕਲਰਕ ਤੇ ਕੰਪਿਊਟਰ ਆਪਰੇਟਰ ਨੇ ਕਥਿਤ ਮਿਲੀਭੁਗਤ ਨਾਲ ਬਣਦੀ 10 ਹਜ਼ਾਰ 520 ਰੁਪਏ ਰਜਿਸਟਰੀ ਫੀਸ ਦੀ ਬਜਾਏ 11 ਹਜ਼ਾਰ 500 ਰੁਪਏ ਵਸੂਲ ਲਏ। ਇਸ ’ਤੇ ਉਨ੍ਹਾਂ ਇਹ ਮਾਮਲਾ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੇ ਮੈਂਬਰ ਤੇ ਆੜ੍ਹਤੀਆ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸਾਥੀ ਜਗਤਾਰ ਸਿੰਘ ਸਮਰਾ ਦੇ ਧਿਆਨ ’ਚ ਲਿਆਂਦਾ। ਸ੍ਰੀ ਸਮਰਾ ਦੇ ਦਖ਼ਤ ਦੇਣ ਤੋਂ ਬਾਅਦ ਰਜਿਸਟਰੀ ਕਲਰਕ ਨੂੰ ਸ਼ਰਮਿੰਦਾ ਹੁੰਦਿਆਂ ਵਾਧੂ ਵਸੂਲੇ ਪੈਸੇ ਲੋਕਾਂ ਸਾਹਮਣੇ ਵਾਪਸ ਮੋੜਨ ਲਈ ਮਜਬੂਰ ਹੋਣਾ ਪਿਆ।
ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਦੇ ਮੈਂਬਰ ਜਗਤਾਰ ਸਿੰਘ ਸਮਰਾ ਨੇ ਕਿਹਾ ਕਿ ਉਹ ਤਹਿਸੀਲ ’ਚ ਚੱਲਦੇ ਕਥਿਤ ਭ੍ਰਿਸ਼ਟਾਚਾਰ ਦਾ ਮਾਮਲਾ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਦੇ ਧਿਆਨ ’ਚ ਲਿਆਉਣਗੇ। ਉਨ੍ਹਾਂ ਕਿਹਾ ਕਿ ਰਜਿਸਟਰੀ ਖਰਚਿਆਂ ਅਤੇ ਆਨਲਾਈਨ ਖਰਚਿਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਅਜਿਹੇ ਸਾਰੇ ਖਰਚਿਆਂ ਨੂੰ ਬੋਰਡ ’ਤੇ ਲਿਖ ਕੇ ਜਨਤਕ ਕੀਤਾ ਜਾਣਾ ਚਾਹੀਦਾ ਹੈ।
ਨਾਇਬ ਤਹਿਸੀਲਦਾਰ ਪ੍ਰਮੋਦ ਚੰਦਰ ਨੇ ਮਾਮਲੇ ਤੋਂ ਅਗਿਆਨਤਾ ਪ੍ਰਗਟਾਉਂਦਿਆਂ ਕਿਹਾ ਕਿ ਰਜਿਸਟਰੀਆਂ ਕਰਦੇ ਸਮੇਂ ਉਹ ਵਸੀਕਾ ਰਜਿਸਟਰਡ ਕਰਵਾਉਣ ਆਏ ਹਰੇਕ ਵਿਅਕਤੀ ਨੂੰ ਸੁਚੇਤ ਕਰਦੇ ਹਨ ਕਿ ਉਹ ਰਜਿਸਟਰੀ ਸਬੰਧੀ ਜਮ੍ਹਾਂ ਕਰਵਾਈ ਗਈ ਫ਼ੀਸ ਦੀ ਪ੍ਰਾਪਤ ਕੀਤੀ ਰਸੀਦ ਨੂੰ ਜ਼ਰੂਰ ਵਾਚਣ।