ਗੁਰਦੀਪ ਸਿੰਘ ਲਾਲੀ
ਸੰਗਰੂਰ, 21 ਸਤੰਬਰ
ਦੀ ਬਾਲੀਆਂ ਬਹੁ-ਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸੁਸਾਇਟੀ ਦੇ ਅਹੁਦੇਦਾਰਾਂ ਦੀ ਕਥਿਤ ਤੌਰ ’ਤੇ ਅੰਦਰਖਾਤੇ ਸਿਰਫ਼ ‘ਕਾਗਜ਼ਾਂ ’ ’ਚ ਹੋਈ ਚੋਣ ਖ਼ਿਲਾਫ਼ ਅੱਜ ਤਿੰਨ ਪਿੰਡਾਂ ਦੇ ਸੈਂਕੜੇ ਕਿਸਾਨਾਂ ਤੇ ਬੀਬੀਆਂ ਵਲੋਂ ਇਥੇ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਦੇ ਦਫ਼ਤਰ ਦਾ ਘਿਰਾਓ ਕਰਕੇ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਅਣਮਿਥੇ ਸਮੇਂ ਲਈ ਦਿਨ-ਰਾਤ ਦੇ ਧਰਨੇ ’ਤੇ ਡਟਣ ਦਾ ਐਲਾਨ ਵੀ ਕੀਤਾ।
ਬਾਅਦ ਦੁਪਹਿਰ ਸੈਂਕੜੇ ਕਿਸਾਨਾਂ ਤੇ ਬੀਬੀਆਂ ਦਾ ਕਾਫ਼ਲਾ ਰੋਸ ਮਾਰਚ ਕਰਦਾ ਹੋਇਆ ਇਥੇ ਦਿੱਲੀ-ਲੁਧਿਆਣਾ ਹਾਈਵੇਅ ’ਤੇ ਸਥਿਤ ਭਗਵਾਨ ਮਹਾਂਵੀਰ ਚੌਕ ਪੁੱਜਿਆ, ਜਿਥੇ ਚਾਰ ਵੱਖ-ਵੱਖ ਸੜਕਾਂ ਉਪਰ ਰੋਸ ਧਰਨਾ ਲਗਾਉਂਦਿਆਂ ਆਵਾਜਾਈ ਠੱਪ ਕੀਤੀ ਗਈ। ਇਸ ਮੌਕੇ ਐਕਸ਼ਨ ਕਮੇਟੀ ਦੇ ਆਗੂਆਂ ਗੁਰਵਿੰਦਰ ਸਿੰਘ, ਪਰਮਿੰਦਰ ਸਿੰਘ, ਅਵਤਾਰ ਸਿੰਘ, ਅਮਰੀਕ ਸਿੰਘ ਤੋਂ ਇਲਾਵਾ ਕੇਵਲ ਸਿੰਘ ਬਾਲੀਆਂ ਅਤੇ ਭਾਕਿਯੂ ਏਕਤਾ ਉਗਰਾਹਾਂ ਦੇ ਆਗੂ ਗੋਬਿੰਦਰ ਸਿੰਘ ਮੰਗਵਾਲ ਨੇ ਮੁਜ਼ਾਹਰਾਕਾਰੀਆਂ ਨੂੰ ਸੰਬੋਧਨ ਕੀਤਾ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਬਾਲੀਆਂ ਸੁਸਾਇਟੀ ਦੀ ਚੋਣ ਕਰਾਉਣ ਦੀ ਬਜਾਏ ਸਿਆਸੀ ਮਿਲੀਭੁਗਤ ਨਾਲ ਸਹਿਕਾਰੀ ਸਭਾਵਾਂ ਦੇ ਅਧਿਕਾਰੀਆਂ ਨੇ ਅੰਦਰਖਾਤੇ ਚੋਣ ਕਰ ਕੇ ਅਹੁਦੇਦਾਰ ਚੁਣ ਲਏ ਗਏ।
ਇਸਦਾ ਪਤਾ ਲੱਗਦੇ ਹੀ ਇਕੱਠੇ ਹੋਏ ਤਿੰਨ ਪਿੰਡਾਂ ਬਾਲੀਆਂ, ਰੂਪਾਹੇੜੀ ਅਤੇ ਲੱਡੀ ਦੇ ਲੋਕਾਂ ਨੇ 14 ਸਤੰਬਰ ਨੂੰ ਸੁਸਾਇਟੀ ਨੂੰ ਜਿੰਦਾ ਲਗਾ ਕੇ ਰੋਸ ਧਰਨਾ ਸ਼ੁਰੂ ਕੀਤਾ ਸੀ ਜੋ ਲਗਾਤਾਰ ਜਾਰੀ ਹੈ। ਬੀਤੀ 16 ਸਤੰਬਰ ਨੂੰ ਡਿਪਟੀ ਕਮਿਸ਼ਨਰ ਵਲੋਂ ਐਸਡੀਐਮ ਨੂੰ ਜਾਂਚ ਦੇ ਆਦੇਸ਼ ਦੇ ਕੇ ਸੋਮਵਾਰ ਤੱਕ ਇਨਸਾਫ਼ ਦਾ ਭਰੋਸਾ ਦਿਵਾਇਆ ਗਿਆ ਸੀ, ਪਰੰਤੂ ਮਿਆਦ ਖਤਮ ਹੋਣ ਮਗਰੋਂ ਮੰਗਲਵਾਰ ਨੂੰ ਸੈਂਕੜੇ ਕਿਸਾਨਾਂ ਨੇ ਏਆਰ ਦੇ ਦਫ਼ਤਰ ਦਾ ਘਿਰਾਓ ਕਰਦਿਆਂ ਅਣਮਿਥੇ ਸਮੇਂ ਲਈ ਧਰਨਾ ਸ਼ੁਰੂ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਹ ਧਰਨਾ ਚੋਣ ਰੱਦ ਹੋਣ ਤੱਕ ਜਾਰੀ ਰਹੇਗਾ। ਧਰਨੇ ਕਾਰਨ ਪਟਿਆਲਾ ਗੇਟ ਬਾਜ਼ਾਰ ’ਚ ਆਵਾਜਾਈ ਠੱਪ ਹੋ ਗਈ, ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਬਾਅਦ ਦੁਪਹਿਰ ਕਿਸਾਨਾਂ ਨੇ ਦਿੱਲੀ-ਲੁਧਿਆਣਾ ਹਾਈਵੇਅ ਵੀ ਜਾਮ ਕਰ ਦਿੱਤਾ।
ਏਆਰ ਦਫ਼ਤਰ ਦੇ ਘਿਰਾਓ ਦਾ ਪਤਾ ਚੱਲਦੇ ਹੀ ਪ੍ਰਸ਼ਾਸਨਿਕ ਤੇ ਪੁਲੀਸ ਅਧਿਕਾਰੀਆਂ ਨਾਲ ਸਹਿਕਾਰੀ ਸਭਾਵਾਂ ਦੇ ਏਆਰ ਕੁਨਾਲ ਖੁਰਾਣਾ ਧਰਨੇ ’ਚ ਪੁੱਜੇ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਦੇ ਹੁਕਮਾਂ ’ਤੇ ਬਾਲੀਆਂ ਸੁਸਾਇਟੀ ਦੀ ਚੋਣ ਰੱਦ ਕਰ ਦਿੱਤੀ ਗਈ ਹੈੇ। ਇਸ ਸਬੰਧੀ ਲਿਖਤੀ ਜਾਣਕਾਰੀ ਇੱਕ-ਦੋ ਦਿਨਾਂ ’ਚ ਦੇ ਦਿੱਤੀ ਜਾਵੇਗੀ। ਇਸ ਮਗਰੋਂ ਕਿਸਾਨਾਂ ਨੇ ਰੋਸ ਧਰਨਾ ਸਮਾਪਤ ਕਰਦਿਆਂ ਐਲਾਨ ਕੀਤਾ ਕਿ ਜਦੋਂ ਤੱਕ ਉਨ੍ਹਾਂ ਨੂੰ ਚੋਣ ਰੱਦ ਹੋਣ ਸਬੰਧੀ ਲਿਖਤੀ ਰੂਪ ਵਿਚ ਨਹੀਂ ਦਿੱਤਾ ਜਾਂਦਾ, ਬਾਲੀਆਂ ਸੁਸਾਇਟੀ ਨੂੰ ਜਿੰਦਾ ਲੱਗਿਆ ਰਹੇਗਾ ਅਤੇ ਸੁਸਾਇਟੀ ਅੱਗੇ ਧਰਨਾ ਜਾਰੀ ਰਹੇਗਾ।