ਪੱਤਰ ਪ੍ਰੇਰਕ
ਲਹਿਰਾਗਾਗਾ, 27 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਦੋਸ਼ ਲਾਇਆ ਹੈ ਕਿ ਲਹਿਰਾਗਾਗਾ ਹਲਕੇ ਵਿੱਚ ਚਿੱਟੇ ਦੁੱਧ ਦਾ ਕਾਲਾ ਕਾਰੋਬਾਰ ਧੜੱਲੇ ਨਾਲ ਜਾਰੀ ਹੈ ਅਤੇ ਸਿਹਤ ਵਿਭਾਗ ਵੀ ਸਿਰਫ ਖਾਨਾਪੂਰਤੀ ਕਰਦਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਪ੍ਰਧਾਨ ਗੁਰਲਾਲ ਸਿੰਘ ਜਲੂਰ ਨੇ ਕਿਸਾਨਾਂ ਤੇ ਦੋਧੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਦੇ ਕੁਝ ਆਗੂ ਸਿਰਫ ਖਾਨਾਪੂਰਤੀ ਕਰਕੇ ਹਲਵਾਈਆਂ ਦੀਆਂ ਦੁਕਾਨਾਂ ਤੋਂ ਹੀ ਬਰਫ਼ੀ ਆਦਿ ਦੇ ਇੱਕਾ ਦੁੱਕਾ ਸੈਂਪਲ ਭਰ ਕੇ ਲੈ ਜਾਂਦੇ ਹਨ। ਜਦੋਂ ਕਿ ਇਨ੍ਹਾਂ ਵਸਤਾਂ ਦਾ ਜਨਮਦਾਤਾ ਦੁੱਧ ਹੈ। ਇਹ ਦੁੱਧ ਡੇਅਰੀਆਂ ਵਿੱਚ ਆਉਂਦਾ ਕਿੱਲੋਆਂ ਵਿਚ ਹੈ ਅਤੇ ਜਾਂਦਾ ਕੁਇੰਟਲਾਂ ਵਿੱਚ ਹੈ। ਉਨ੍ਹਾਂ ਦੱਸਿਆ ਕਿ ਜੇਕਰ ਇੱਕ ਡੇਅਰੀ ਵਿਚ ਚਾਰ ਕੁਇੰਟਲ ਦੁੱਧ ਆਉਂਦਾ ਹੈ ਤਾਂ ਉਸ ਦਾ 40 ਕੁਇੰਟਲ ਦੁੱਧ ਬਣ ਕੇ ਨਿਕਲਦਾ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਦੀਆਂ ਕੁਝ ਡੇਅਰੀਆਂ ਵਿੱਚ 20 ਤੋਂ 30 ਟੀਨ ਰਿਫਾਈਂਡ ਘਿਓ ਅਤੇ ਹੋਰ ਵਸਤਾਂ ਰੋਜ਼ਾਨਾ ਪਹੁੰਚ ਰਹੀਆਂ ਹਨ । ਬੀਕੇਯੂ ਵੱਲੋਂ ਸਿਹਤ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਨੂੰ ਅਪੀਲ ਕੀਤੀ ਗਈ ਕਿ ਉਹ ਜੇਕਰ ਹਲਕੇ ਦੀਆਂ ਡੇਅਰੀਆਂ ਵਿੱਚ ਅਚਨਚੇਤ ਛਾਪਾ ਮਾਰਨ ਤਾਂ ਸਭ ਕੁਝ ਸਾਹਮਣੇ ਆ ਜਾਵੇਗਾ। ਉਨ੍ਹਾਂ ਮੌਜੂਦਾ ਫੂਡ ਸੇਫਟੀ ਅਫਸਰ ਵੀ ਬਦਲਣ ਦੀ ਮੰਗ ਕਰਦਿਆਂ ਕਿਹਾ ਕਿ ਅਜਿਹੇ ਅਫ਼ਸਰਾਂ ਨੂੰ ਬਦਲਿਆ ਜਾਵੇ ਜੋ ਸਿਰਫ਼ ਖਾਨਾਪੂਰਤੀ ਤੱਕ ਹੀ ਸੀਮਤ ਰਹਿੰਦੇ ਹਨ। ਬਲਾਕ ਪ੍ਰਧਾਨ ਜਲੂਰ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਇਸ ਵੱਲ ਕੋਈ ਗੌਰ ਨਾ ਕੀਤਾ ਤਾਂ ਯੂਨੀਅਨ ਡੇਅਰੀਆਂ ਮੂਹਰੇ ਧਰਨੇ ਲਾਵੇਗੀ।