ਗੁਰਦੀਪ ਸਿੰਘ ਲਾਲੀ
ਸੰਗਰੂਰ, 4 ਫਰਵਰੀ
ਖੇਤੀ ਕਾਨੂੰਨ ਰੱਦ ਕਰਾਉਣ ਲਈ ਇਥੇ ਵੱਖ-ਵੱਖ ਥਾਵਾਂ ’ਤੇ ਚੱਲ ਰਹੇ ਰੋਸ ਧਰਨਿਆਂ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਹੈ ਕਿ ਸੱਤਾ ਦੀ ਗੱਦੀ ’ਤੇ ਬੈਠਾ ਰਾਜਾ ਓਹੀ ਹੁੰਦਾ ਹੈ ਜੋ ਪਰਜਾ ਦੀਆਂ ਸਮੱਸਿਆਵਾਂ ਦਾ ਹੱਲ ਕਰਕੇ ਉਨ੍ਹਾਂ ਦੀ ਹਿੱਤਾਂ ਦੀ ਰਾਖੀ ਕਰੇ ਪਰ ਭਾਰਤ ਦੀ ਸੱਤਾ ’ਤੇ ਕਾਬਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਦੀ ਪਰਜਾ ਦੀ ਕੋਈ ਪ੍ਰਵਾਹ ਨਹੀਂ ਹੈ। ਜੇ ਪ੍ਰਵਾਹ ਹੈ ਤਾਂ ਉਹ ਦੇਸ਼ ਦੇ ਕਾਰਪੋਰੇਟ ਘਰਣਿਆਂ ਦੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ’ਚ ਦੇਸ਼ ਦੀ ਸੱਤਾ ’ਤੇ ਕਾਬਜ਼ ਭਾਜਪਾ ਸਰਕਾਰ ਇੱਕ ਤਾਨਾਸ਼ਾਹ ਸਰਕਾਰ ਬਣ ਚੁੱਕੀ ਹੈ ਤੇ ਦੇਸ਼ ਦੇ ਅੰਨਦਾਤਾ ਦੀ ਗੱਲ ਸੁਣਨ ਦੀ ਬਜਾਏ ਉਨ੍ਹਾਂ ਉਪਰ ਦੇਸ਼ ਧ੍ਰੋਹ ਵਰਗੇ ਦੋਸ਼ ਲਾ ਕੇ ਜਬਰ ਜੁਲਮ ਕਰਨ ’ਤੇ ਤੁਲੀ ਹੋਈ ਹੈ ਤੇ ਜਬਰੀ ਪਰਜਾ ਦੀ ਆਵਾਜ਼ ਬੰਦ ਕਰਵਾਈ ਜਾ ਰਹੀ ਹੈ।
ਕਿਸਾਨ ਜਥੇਬੰਦੀਆਂ ਵੱਲੋਂ ਇਥੇ ਰੇਲਵੇ ਸਟੇਸ਼ਨ ਨੇੜੇ ਰੋਸ ਧਰਨਾ ਚੱਲ ਰਿਹਾ ਹੈ ਜਦੋਂਕਿ ਭਾਕਿਯੂ ਏਕਤਾ ਉਗਰਾਹਾਂ ਵੱਲੋਂ ਭਾਜਪਾ ਆਗੂ ਸਤਵੰਤ ਸਿੰਘ ਪੂਨੀਆਂ ਦੇ ਘਰ ਅੱਗੇ ਤੇ ਰਿਲਾਇੰਸ ਪੰਪ ਖੇੜੀ ਅੱਗੇ ਰੋਸ ਧਰਨੇ ਜਾਰੀ ਹੈ ਜਿਨ੍ਹਾਂ ਦੀ ਮੋਹਰੀ ਕਮਾਨ ਕਿਸਾਨ ਬੀਬੀਆਂ ਸੰਭਾਲ ਰਹੀਆਂ ਹਨ। ਸਟੇਸ਼ਨ ਨੇੜੇ ਰੋਸ ਧਰਨੇ ਨੂੰ ਕਿਸਾਨ ਆਗੂ ਨਿਰਮਲ ਸਿੰਘ ਬਟੜਿਆਣਾ, ਸਰਬਜੀਤ ਸਿੰਘ ਵੜੈਚ, ਰੋਹੀ ਸਿੰਘ ਮੰਗਵਾਲ, ਹਰਮੇਲ ਸਿੰਘ ਮਹਿਰੋਕ, ਲੱਖਮੀ ਚੰਦ, ਹਰਜੀਤ ਕਲੌਦੀ, ਮਾਸਟਰ ਪਰਮ ਵੇਦ, ਗੁਰਬਖਸੀਸ਼ ਸਿੰਘ ਆਦਿ ਨੇ ਸੰਬੋਧਨ ਕੀਤਾ ਜਦੋਂਕਿ ਬਾਕੀ ਦੋਵੇਂ ਰੋਸ ਧਰਨਿਆਂ ਦੌਰਾਨ ਭਾਕਿਯੂ ਏਕਤਾ ਉਗਰਾਹਾਂ ਦੇ ਆਗੂਆਂ ਗੋਬਿੰਦਰ ਸਿੰਘ ਮੰਗਵਾਲ, ਗੋਬਿੰਦਰ ਸਿੰਘ ਬਡਰੁੱਖਾਂ, ਗੁਰਦੀਪ ਸਿੰਘ ਕੰਮੋਮਾਜਰਾ, ਸਰੂਪ ਚੰਦ ਕਿਲਾਭਰੀਆਂ ਆਦਿ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਪਰਜਾ ਦਾ ਪ੍ਰਧਾਨ ਮੰਤਰੀ ਕਹਾਉਣ ਦਾ ਹੱਕ ਗੁਆ ਲਿਆ ਹੈ ਸਗੋਂ ਇਹ ਪ੍ਰਧਾਨ ਮੰਤਰੀ ਸਿਰਫ਼ ਕਾਰਪੋਰੇਟ ਘਰਾਣਿਆਂ ਦਾ ਪ੍ਰਧਾਨ ਮੰਤਰੀ ਸਾਬਤ ਹੋ ਰਿਹਾ ਹੈ ਜਿਸਨੂੰ ਪਰਜਾ ਦੀ ਕੋਈ ਪ੍ਰਵਾਹ ਨਹੀਂ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੀਆਂ ਤਾਨਾਸ਼ਾਹ ਨੀਤੀਆਂ ਜੱਗ ਜਾਹਰ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਾਉਣ ਲਈ ਵਡਮੁੱਲੀਆਂ ਕੁਰਬਾਨੀਆਂ ਦੇਣ ਵਾਲਿਆਂ ਨੂੰ ਦੇਸ਼ਧ੍ਰੋਹੀ ਕਰਾਰ ਦਿੱਤਾ ਜਾ ਰਿਹਾ ਹੈ ਤੇ ਭਾਜਪਾ ਦੇਸ਼ ’ਚ ਨਫ਼ਰਤ ਦੀ ਰਾਜਨੀਤੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੀਆਂ ਸੜਕਾਂ ਉਪਰ ਕਿੱਲ ਤੇ ਕੰਡਿਆਲੀ ਤਾਰ ਲਗਾਉਣਾ ਸਾਬਤ ਕਰਦਾ ਹੈ ਕਿ ਮੋਦੀ ਸਰਕਾਰ ਦੇਸ਼ ਦੇ ਕਿਸਾਨਾਂ ਪ੍ਰਤੀ ਕਿੰਨੀ ਕੁ ਗੰਭੀਰ ਹੈ। ਉਨ੍ਹਾਂ ਐਲਾਨ ਕੀਤਾ ਕਿ 6 ਫਰਵਰੀ ਨੂੰ 12 ਤੋਂ 3 ਵਜੇ ਤੱਕ ਚੱਕਾ ਜਾਮ ਕਰਕੇ ਮੋਦੀ ਸਰਕਾਰ ਵਿਰੁੱਧ ਆਵਾਜ਼ ਬੁਲੰਦ ਕੀਤੀ ਜਾਵੇਗੀ।
ਕਿਸਾਨ ਕਾਫਲੇ ਦਿੱਲੀ ਮੋਰਚੇ ਲਈ ਰਵਾਨਾ
ਦਿੜ੍ਹਬਾ ਮੰਡੀ (ਰਣਜੀਤ ਸਿੰਘ ਸ਼ੀਤਲ) ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਦਿੜ੍ਹਬਾ ਹਲਕੇ ਦੇ ਪਿੰਡਾਂ ਵਿੱਚੋਂ ਰੋਜ਼ਾਨਾ ਹੀ ਸੈਂਕੜੇ ਕਿਸਾਨ ਕਾਫਲੇ ਦੇ ਰੂਪ ਵਿੱਚ ਦਿੱਲੀ ਜਾ ਰਹੇ ਹਨ ਤੇ ਇਲਾਕੇ ਦੇ ਸਾਰੇ ਪਿੰਡਾਂ ਵਿੱਚ ਲੋਕਾਂ ਨੇ ਰਾਜਨੀਤਕ ਧੜੇਬੰਦੀ ਤੋਂ ਉੱਪਰ ਉੱਠ ਕੇ ਹਰ ਘਰ ਦਾ ਮੈਂਬਰ ਕਿਸਾਨ ਅੰਦੋਲਨ ਵਿੱਚ 8 ਦਿਨ ਸ਼ਾਮਲ ਹੋਣ ਲਈ ਪੰਚਾਇਤੀ ਮਤੇ ਪਾਏ ਗਏ ਹਨ ਅਤੇ ਜੇਕਰ ਕਿਸੇ ਵੀ ਘਰ ਦਾ ਕੋਈ ਮੈਂਬਰ ਨਹੀਂ ਜਾਵੇਗਾ, ਤਾਂ ਉਸ ਘਰ ਨੂੰ ਜੁਰਮਾਨੇ ਵਜੋਂ 8 ਦਿਨਾਂ ਬਾਅਦ 2100 ਰੁਪਏ ਦੇਣਾ ਪਵੇਗਾ। ਅੱਜ ਦਿੜ੍ਹਬਾ ਪਿੰਡ ਦੇ ਕਿਸਾਨਾਂ ਤੇ ਦਿੜ੍ਹਬਾ ਵਾਸੀਆਂ ਦੀ ਸੰਗਤ ਵੱਲੋਂ ਸਿਆਸੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਦਿੱਲੀ ਦੇ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਫੈਸਲਾ ਕੀਤਾ ਗਿਆ ਹੈ। ਕਿਸਾਨ ਆਗੂ ਜਥੇਦਾਰ ਹਰਬੰਸ ਸਿੰਘ ਦਿੜ੍ਹਬਾ ਨੇ ਦੱਸਿਆ ਕਿ ਇਸ ਫੈਸਲੇ ਮੁਤਾਬਿਕ ਵਾਰੀ ਮੁਤਾਬਿਕ ਹਰ ਘਰ ਦਾ ਮੈਂਬਰ ਲਿਜਾਣ ਲਈ 13 ਮੈਂਬਰੀ ਕਮੇਟੀ ਬਣਾ ਦਿੱਤੀ ਗਈ ਹੈ ਜੋ 8 ਦਿਨਾਂ ਬਾਅਦ ਦਿੜ੍ਹਬਾ ਤੋਂ ਬੰਦੇ ਬਦਲ ਕੇ ਲਿਜਾਇਆ ਕਰੇਗੀ ਤੇ ਜਿਹੜੇ ਘਰ ਦਾ ਮੈਂਬਰ ਨਹੀਂ ਜਾਵੇਗਾ ਉਸ ਨੂੰ ਮਿਥਿਆ ਜੁਰਮਾਨਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਅੱਜ ਦਿੜ੍ਹਬਾ ਤੋਂ 100 ਤੋਂ ਵੱਧ ਵਿਅਕਤੀਆਂ ਦਾ ਕਾਫਲਾ ਟਰਾਲੇ ਰਾਹੀਂ ਦਿੱਲੀ ਲਈ ਰਵਾਨਾ ਹੋਇਆ ਤੇ ਇੱਥੋਂ ਰੋਜ਼ਾਨਾ ਕਿਸਾਨ ਇਸ ਟਰਾਲੇ ਰਾਹੀਂ ਦਿੱਲੀ ਲਈ ਰਵਾਨਾ ਹੋਇਆ ਕਰਨਗੇ। ਕਾਫਲੇ ਦੇ ਰਵਾਨਾ ਹੋਣ ਤੋਂ ਪਹਿਲਾਂ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿੰਦਾਬਾਦ ਤੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇ ਲਗਾਏ। ਇਸ ਮੌਕੇ ਕਿਸਾਨ ਰਾਜੂ ਸਿੰਘ, ਗੁਰਪ੍ਰੀਤ ਸਿੰਘ, ਧਨ ਸਿੰਘ, ਹੈਪੀ ਸਿੰਘ, ਕੁਲਬੀਰ ਸਿੰਘ, ਅਵਤਾਰ ਸਿੰਘ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ) ਇੱਥੋਂ ਦੇ ਪਿੰਡ ਮਾਝੀ ਵਿੱਚ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਇਕਾਈ, ਪੰਚਾਇਤ ਤੇ ਪਿੰਡ ਵਾਸੀਆਂ ਵਲੋਂ ਸਾਂਝੀ ਮੀਟਿੰਗ ਕਰਕੇ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਲਗਾਏ ਗਏ ਦਿੱਲੀ ਮੋਰਚੇ ਵਿੱਚ ਤਰਤੀਬਵਾਰ ਜੱਥੇ ਭੇਜਣ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਕਿਸਾਨ ਯੂਨੀਅਨ ਦੇ ਇਕਾਈ ਪ੍ਰਧਾਨ ਬਘੇਲ ਸਿੰਘ, ਮਹਿੰਦਰ ਸਿੰਘ ਸਰਪੰਚ, ਅੰਗਰੇਜ ਸਿੰਘ, ਜਰਨੈਲ ਸਿੰਘ, ਕਰਨੈਲ ਸਿੰਘ ਬੁੱਟਰ, ਭਰਭੂਰ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਦੇ ਅੜੀਅਲ ਰਵੱਈਏ ਖ਼ਿਲਾਫ਼ ਕਿਸਾਨਾਂ ਅੰਦਰ ਰੋਹ ਹੋਰ ਭਖਦਾ ਜਾ ਰਿਹਾ ਹੈ, ਜਿਸ ਕਾਰਨ ਦਿੱਲੀ ਮੋਰਚੇ ਵਿੱਚ ਕਿਸਾਨਾਂ ਦੀ ਗਿਣਤੀ ਵਧ ਰਹੀ ਹੈ।