ਗੁਰਦੀਪ ਸਿੰਘ ਲਾਲੀ
ਸੰਗਰੂਰ, 12 ਨਵੰਬਰ
ਸਿੱਖ ਕੌਮ ਦੇ ਮਹਾਨ ਜਰਨੈਲ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਸਥਾਨ ਤੇ ਨਾਨਕੇ ਪਿੰਡ ਬਡਰੁੱਖਾਂ ਦੇ ਲੋਕਾਂ ਨੂੰ 24 ਵਰ੍ਹਿਆਂ ਮਗਰੋਂ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਥਾਪਿਤ ਹੋਣ ਦੀ ਆਸ ਬੱਝੀ ਹੈ ਜਦੋਂ ਕਿ ਮੈਡੀਕਲ ਕਾਲਜ, ਆਦਰਸ਼ ਸਕੂਲ, ਸੀਵਰੇਜ ਸਹੂਲਤ ਆਦਿ ਸਰਕਾਰੀ ਵਾਅਦੇ ਗੁਆਚ ਗਏ ਜਾਪਦੇ ਹਨ। ਭਾਵੇਂ ਵੱਖ-ਵੱਖ ਪਾਰਟੀਆਂ ਦੀਆਂ ਸਰਕਾਰਾਂ ਨੇ ਸ਼ੇਰ-ਏ-ਪੰਜਾਬ ਦੇ ਸੋਹਲੇ ਤਾਂ ਖੂਬ ਗਾਏ ਅਤੇ ਸ਼ੇਰ-ਏ-ਪੰਜਾਬ ਦੇ ਰਾਜ ਵਰਗਾ ਰਾਜ ਦੇਣ ਦੇ ਵੱਡੇ ਵਾਅਦੇ ਵੀ ਕੀਤੇ ਪਰੰਤੂ ਸ਼ੇਰ-ਏ-ਪੰਜਾਬ ਦੇ ਜਨਮ ਸਥਾਨ ਨਾਲ ਸਬੰਧਤ ਬਡਰੁੱਖਾਂ ਕਿਲ੍ਹੇ ਦੇ ਬੁਰਜ ਦੀ ਸਾਂਭ ਸੰਭਾਲ ਕਰਕੇ ਉਸ ਨੂੰ ਢੁੱਕਵੀਂ ਯਾਦਗਾਰ ਬਣਾਉਣ ਦੀ ਲੋੜ ਨਹੀਂ ਸਮਝੀ।
ਜਾਣਕਾਰੀ ਅਨੁਸਾਰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਸਥਾਨ ’ਤੇ ਨਾਨਕਾ ਪਿੰੰਡ ਬਡਰੁੱਖਾਂ ਵਿਖੇ ਅਕਾਲੀ ਸਰਕਾਰ ਵਲੋਂ ਸੰਨ 1997, 2001 ਅਤੇ 2007 ਵਿਚ ਸ਼ੇਰ-ਏ-ਪੰਜਾਬ ਦਾ ਜਨਮ ਦਿਹਾੜਾ ਰਾਜ ਪੱਧਰੀ ਸਮਾਗਮ ਕਰਕੇ ਮਨਾਇਆ ਸੀ। 1997 ’ਚ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਐਲਾਨ ਕੀਤਾ ਸੀ ਕਿ ਸ਼ੇਰ-ਏ-ਪੰਜਾਬ ਯਾਦਗਾਰੀ ਪਾਰਕ ਸਥਾਪਿਤ ਕਰਕੇ ਘੋੜੇ ਤੇ ਸਵਾਰ ਕਾਂਸ਼ੇ ਦਾ ਬੁੱਤ ਬਡਰੁੱਖਾਂ ’ਚ ਲਗਾਇਆ ਜਾਵੇਗਾ। ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਦਾ ਕਹਿਣਾ ਹੈ ਕਿ ਸ਼ੇਰ-ਏ-ਪੰਜਾਬ ਦੇ ਨਾਨਕੇ ਪਿੰਡ ਤੇ ਜਨਮ ਸਥਾਨ ਬਡਰੁੱਖਾਂ ਵਿਖੇ ਬੁੱਤ ਲਗਾਉਣ ਅਤੇ ਪਾਰਕ ਦੀ ਨਵੇਂ ਸਿਰੇ ਤੋਂ ਸਥਾਪਨਾ ਕਰਨ ਲਈ ਪੰਜਾਬ ਸਰਕਾਰ ਵਲੋਂ 99.11 ਲੱਖ ਰੁਪਏ ਮਨਜ਼ੂਰ ਕੀਤੇ ਸਨ ਜਿਸ ਤਹਿਤ ਕੰਮ ਚੱਲ ਰਿਹਾ ਹੈ ਅਤੇ ਕਰੀਬ ਇੱਕ ਮਹੀਨੇ ਤੱਕ ਬੁੱਤ ਸਥਾਪਿਤ ਕਰ ਦਿੱਤਾ ਜਾਵੇਗਾ।
ਪਿੰਡ ਦੇ ਮੋਹਤਬਰ ਤੇ ਸਾਬਕਾ ਸਰਪੰਚ ਦੇ ਪੁੱਤਰ ਰਣਦੀਪ ਸਿੰਘ ਮਿੰਟੂ ਨੇ ਸ਼ੇਰ-ਏ-ਪੰਜਾਬ ਦੀ ਢੁੱਕਵੀਂ ਯਾਦਗਾਰ ਨਾ ਬਣਾਉਣ ਲਈ ਸਮੇਂ ਸਮੇਂ ਦੀਆਂ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਮੰਗ ਕੀਤੀ ਕਿ ਸ਼ੇਰ-ਏ-ਪੰਜਾਬ ਦੇ ਜਨਮ ਸਥਾਨ ਵਾਲੇ ਇਤਿਹਾਸਕ ਕਿਲ੍ਹੇ ਨੂੰ ਸਰਕਾਰ ਆਪਣੇ ਕਬਜ਼ੇ ਵਿਚ ਲੈ ਕੇ ਇਸ ਨੂੰ ਅਜਾਇਬ ਘਰ ਦੇ ਰੂਪ ਵਿਚ ਵਿਕਸਤ ਕੀਤਾ ਜਾਵੇ। ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਅਨੁਸਾਰ ਭਲਕੇ 13 ਨਵੰਬਰ ਨੂੰ ਪਿੰਡ ਬਡਰੁੱਖਾਂ ਵਿਖੇ ਸ਼ੇਰ-ਏ-ਪੰਜਾਬ ਦੇ ਜਨਮ ਦਿਹਾੜੇ ਮੌਕੇ ਸਮਾਗਮ ਕਰਵਾਇਆ ਜਾ ਰਿਹਾ ਹੈ।