ਐੱਸਐੱਸ ਸੱਤੀ
ਮਸਤੂਆਣਾ ਸਾਹਿਬ, 17 ਜੁਲਾਈ
ਮੌਨਸੂਨ ਸ਼ੁਰੂ ਹੋਣ ਮਗਰੋਂ ਡਰੇਨੇਜ ਵਿਭਾਗ ਨੂੰ ਡਰੇਨਾਂ ਦੀ ਸਫ਼ਾਈ ਨਜ਼ਰ ਆਉਣ ਲੱਗ ਪਈ ਹੈ ਜਦੋਂਕਿ ਇਹ ਕੰਮ ਜੂਨ ਮਹੀਨੇ ਵਿੱਚ ਹੀ ਮੁਕੰਮਲ ਹੋਣੇ ਚਾਹੀਦੇ ਸੀ। ਵੱਖ ਵੱਖ ਪਿੰਡਾਂ ਦੇ ਕਿਸਾਨਾਂ ਦਾ ਕਹਿਣਾ ਸੀ ਕਿ ਬਰਸਾਤ ਦੇ ਦਿਨਾਂ ਵਿੱਚ ਕਰਵਾਏ ਜਾ ਰਹੇ ਕੰਮਾਂ ਕਾਰਨ ਵਿਭਾਗ ’ਤੇ ਸਵਾਲ ਉਠ ਰਹੇ ਹਨ, ਕਿ ਜਿਹੜੇ ਕੰਮ ਅਪਰੈਲ ਤੋਂ ਜੂਨ ਤੱਕ ਕਰਵਾਏ ਜਾਣੇ ਸੀ, ਉਹ ਕੰਮ ਹੁਣ ਕਰਵਾਏ ਜਾ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੇ ਦਿਨੀਂ ਹੋਈ ਤੇਜ਼ ਬਰਸਾਤ ਕਾਰਨ ਪਾਣੀ ਡਰੇਨਾਂ ’ਚ ਗਾਜਰ ਬੂਟੀ ਜ਼ਿਆਦਾ ਖੜ੍ਹੀ ਹੋਣ ਕਾਰਨ ਅੱਗੇ ਨਹੀਂ ਜਾ ਰਿਹਾ, ਉਥੇ ਖੇਤਾਂ ਵਿੱਚ ਇਕੱਠਾ ਹੋਣ ਕਾਰਨ ਝੋਨੇ ਦੀ ਫਸਲ ਪਾਣੀ ਵਿੱਚ ਡੁੱਬ ਕੇ ਖਰਾਬ ਹੋ ਰਹੀ ਹੈ। ਪਿੰਡ ਬਡਰੁੱਖਾਂ ਦੇ ਸਰਪੰਚ ਕੁਲਜੀਤ ਸਿੰਘ ਤੂਰ, ਪੰਚਾਇਤ ਮੈਂਬਰ ਸੁਖਵਿੰਦਰ ਸਿੰਘ ਸੱਤੂ, ਤਰਸੇਮ ਸਿੰਘ ਬਡਰੁੱਖਾਂ, ਸੰਦੀਪ ਸਿੰਘ, ਸੱਤਪਾਲ ਸਿੰਘ, ਗੁਰਮੁਖ ਸਿੰਘ, ਜਸਵੀਰ ਸਿੰਘ ਸੀਰਾ ਆਦਿ ਨੇ ਦੱਸਿਆ ਕਿ ਡਰੇਨ ਵਿਭਾਗ ਵੱਲੋਂ ਸਮੇਂ ਸਿਰ ਸਫ਼ਾਈ ਨਾ ਕਰਵਾਉਣ ਕਾਰਨ ਪਿੰਡ ਦੇ ਕਿਸਾਨਾਂ ਦੀ ਫਸਲ ਪਾਣੀ ਵਿੱਚ ਡੁੱਬ ਗਈ ਹੈ। ਖੇਤਾਂ ਵਿੱਚੋਂ ਪਾਣੀ ਡਰੇਨ ਵਿਚ ਪਾਉਣ ਤੇ ਡਰੇਨ ਦੀ ਸਫ਼ਾਈ ਕਰਵਾਉਣ ਲਈ ਉਨ੍ਹਾਂ ਪੰਚਾਇਤ ਵੱਲੋਂ ਡਰੇਨ ਵਿਭਾਗ ਨੂੰ ਸਫ਼ਾਈ ਕਰਵਾਉਣ ਲਈ ਕਿਹਾ ਸੀ। ਉਧਰ ਡਰੇਨ ਵਿਭਾਗ ਵੱਲੋਂ ਜੇਸੀਬੀ ਮਸ਼ੀਨ ਲਗਾ ਕੇ ਡਰੇਨ ਵਿੱਚੋਂ ਗਾਜਰ ਬੂਟੀ ਕੱਢਵਾ ਕੇ ਸਫ਼ਾਈ ਕਰਵਾਈ ਜਾ ਰਹੀ ਹੈ ਤਾਂ ਜੋ ਡਰੇਨ ਵਿੱਚ ਪਿੱਛੋਂ ਆ ਰਿਹਾ ਪਾਣੀ ਅੱਗੇ ਤੇਜ਼ੀ ਨਾਲ ਜਾ ਸਕੇ।
ਇਸ ਸਬੰਧੀ ਜਦੋਂ ਡਰੇਨੇਜ ਵਿਭਾਗ ਦੇ ਐੱਸਡੀਓ ਸੁਭਾਸ਼ ਕੁਮਾਰ ਨਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਟੈਂਡਰ ਲੇਟ ਹੋਣ ਕਾਰਨ ਸਫ਼ਾਈ ਦਾ ਕੰਮ ਲੇਟ ਹੋ ਗਿਆ ਹੈ। ਹੁਣ ਇਹ ਜਲਦੀ ਡਰੇਨ ਦੀ ਸਫ਼ਾਈ ਕਰਵਾਈ ਜਾ ਰਹੀ ਹੈ। ਇੱਕ ਦੋ ਦਿਨਾਂ ਵਿੱਚ ਹੀ ਇਹ ਸਫ਼ਾਈ ਦਾ ਕੰਮ ਮੁਕੰਮਲ ਕਰਵਾ ਦਿੱਤਾ ਜਾਵੇਗਾ।