ਐੱਸਐੱਸ ਸੱਤੀ
ਮਸਤੂਆਣਾ ਸਾਹਿਬ, 5 ਅਗਸਤ
ਉੱਭਾਵਾਲ ਪੰਚਾਇਤ ਵੱਲੋਂ ਕੇਂਦਰੀ ਵਿਦਿਆਲਾ ਦੇ ਨਾਮ ’ਤੇ 10 ਏਕੜ ਜ਼ਮੀਨ ਦਾਨ ਵਜੋਂ ਨਾਮ ਕਰਵਾਉਣ ਦੇ ਬਾਵਜੂਦ ਸਕੂਲ ਦੀ ਇਮਾਰਤ ਨਾ ਬਣਾਏ ਜਾਣ ਅਤੇ ਪ੍ਰਾਇਮਰੀ ਸਕੂਲ ਦੀ ਇਮਾਰਤ ਖਾਲੀ ਨਾ ਕਰਨ ਦੇ ਰੋਸ ਵਜੋਂ ਕੇਂਦਰੀ ਵਿਦਿਆਲਾ ਦੇ ਗੇਟ ਅੱਗੇ ਪਿਛਲੇ ਤਿੰਨ ਦਿਨਾਂ ਤੋਂ ਦਿੱਤਾ ਜਾ ਰਿਹਾ ਧਰਨਾ ਅੱਜ ਸਮਾਪਤ ਹੋ ਗਿਆ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਸਲਾ ਜਲਦੀ ਹੱਲ ਕਰਵਾਉਣ ਦੇ ਭਰੋਸੇ ਮਗਰੋਂ ਪੰਚਾਇਤ ਨੇ ਧਰਨਾ ਚੁੱਕ ਲਿਆ।
ਸਰਪੰਚ ਅਮਰਜੀਤ ਕੌਰ ਵੱਲੋਂ ਗੁਰਮੇਲ ਸਿੰਘ, ਪੰਚ ਛਿੰਦਰਪਾਲ ਸਿੰਘ ਢੀਂਡਸਾ, ਨਿਰਭੈ ਸਿੰਘ ਢੀਂਡਸਾ, ਸੁਖਦੇਵ ਸਿੰਘ ਪੱਪੀ, ਮੱਘਰ ਸਿੰਘ, ਜਸਪਾਲ ਸਿੰਘ ਭੱਟੀ, ਬਾਰੂ ਸਿੰਘ, ਕ੍ਰਿਸ਼ਨ ਚੰਦ, ਨਿਰਭੈ ਸਿੰਘ ਗੋਰੂ ਪੰਚ ਤੇ ਕਿਸਾਨ ਆਗੂ ਜੰਗੀਰ ਸਿੰਘ ਸਮੇਤ ਹੋਰ ਪਿੰਡ ਵਾਸੀਆਂ ਨੇ ਕਿਹਾ ਕਿ ਪੰਚਾਇਤ ਵੱਲੋਂ 10 ਏਕੜ ਪੰਚਾਇਤੀ ਜ਼ਮੀਨ ਕੇਂਦਰੀ ਵਿਦਿਆਲਾ ਦੀ ਇਮਾਰਤ ਬਣਾਉਣ ਲਈ ਮੁਫ਼ਤ ਵਿੱਚ ਦਿੱਤੀ ਗਈ ਸੀ ਅਤੇ ਕਲਾਸਾਂ ਲਗਾਉਣ ਲਈ ਸਰਕਾਰੀ ਪ੍ਰਾਇਮਰੀ ਸਕੂਲ ਦੇ ਕੁਝ ਕਮਰੇ ਵੀ ਦਿੱਤੇ ਗਏ ਸਨ ਪਰ ਕੇਂਦਰੀ ਵਿਦਿਆਲਾ ਦੇ ਪ੍ਰਬੰਧਕਾਂ ਵੱਲੋਂ ਇਮਾਰਤ ਤਾਂ ਕੀ ਬਣਾਉਣੀ ਸੀ ਸਗੋਂ ਇਹ ਜ਼ਮੀਨ ਪਿੰਡ ਦੇ ਕੁਝ ਵਿਅਕਤੀਆਂ ਵੱਲੋਂ ਨਾਜਾਇਜ਼ ਤੌਰ ’ਤੇ ਫਸਲ ਬੀਜ ਕੇ ਮੋਟੀ ਕਮਾਈ ਕੀਤੀ ਜਾ ਰਹੀ ਹੈ। ਪੰਚਾਇਤ ਨੂੰ ਹੁਣ ਤੱਕ 80-85 ਲੱਖ ਦਾ ਨੁਕਸਾਨ ਹੋ ਗਿਆ ਹੈ। ਪੰਚਾਇਤ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਸੀ ਕਿ ਜੇਕਰ ਇਮਾਰਤ ਨਹੀਂ ਬਣਾਉਣੀ ਤਾਂ ਇਹ ਜ਼ਮੀਨ ਨਾਜਾਇਜ਼ ਕਬਜ਼ੇ ਛਡਵਾ ਕੇ ਪੰਚਾਇਤ ਦੇ ਹਵਾਲੇ ਕੀਤੀ ਜਾਵੇ ਤਾਂ ਜੋ ਇਸ ਜ਼ਮੀਨ ਤੋਂ ਆਉਣ ਵਾਲੀ ਆਮਦਨ ਪਿੰਡ ਦੇ ਵਿਕਾਸ ਕਾਰਜਾਂ ਵਿੱਚ ਲਗਾਈ ਜਾ ਸਕਦੀ ਸੀ।
ਐੱਸਡੀਐੱਮ ਅਮਰਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ ਉਹ ਇਸ ਸਬੰਧੀ ਸਾਰੀ ਰਿਪੋਰਟ ਤਿਆਰ ਕਰ ਕੇ ਕੇਂਦਰੀ ਵਿਦਿਆਲਾ ਦੇ ਉੱਚ ਅਧਿਕਾਰੀਆਂ ਨੂੰ ਭੇਜ ਰਹੇ ਹਨ ਤਾਂ ਜੋ ਜਲਦੀ ਹੀ ਵਿਦਿਆਲਾ ਦੀ ਇਮਾਰਤ ਤਿਆਰ ਹੋ ਸਕੇ। ਉਨ੍ਹਾਂ ਪੰਚਾਇਤ ਅਤੇ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਜਲਦੀ ਹੀ ਨਾਜਾਇਜ਼ ਕਬਜ਼ਾਧਾਰਕਾਂ ਤੋਂ ਜ਼ਮੀਨ ਛੁਡਵਾ ਕੇ ਪੰਚਾਇਤ ਹਵਾਲੇ ਕੀਤੀ ਜਾਵੇਗੀ ਅਤੇ ਪਿਛਲੇ ਸਾਲਾਂ ਦਾ ਠੇਕਾ ਵੀ ਪੰਚਾਇਤ ਨੂੰ ਦਿਵਾਇਆ ਜਾਵੇਗਾ। ਇਸ ਮੌਕੇ ਤਹਿਸੀਲਦਾਰ ਇੰਦਰ ਕੁਮਾਰ ਅਤੇ ਵਿਦਿਆਲਾ ਦੀ ਪ੍ਰਿੰਸੀਪਲ ਅੰਜਨਾ ਗੰਗਵਾਰ ਅਤੇ ਵਾਈਸ ਪ੍ਰਿੰਸੀਪਲ ਵਿਕਾਸ ਗੁਪਤਾ ਵੀ ਮੌਜੂਦ ਸੀ।