ਹਰਦੀਪ ਸਿੰਘ ਸੋਢੀ
ਧੂਰੀ, 18 ਜੂਨ
ਅਤਿਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਵੱਲੋਂ ਪੰਜਾਬ ਵਿੱਚ ਰੇਲਵੇ ਸਟੇਸ਼ਨਾਂ, ਧਾਰਮਿਕ ਸਥਾਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਤੋਂ ਬਾਅਦ ਰੇਲਵੇ ਪੁਲੀਸ ਵੱਲੋਂ ਧੂਰੀ ਸਟੇਸ਼ਨ ਦੀ ਘੇਰਾਬੰਦੀ ਕਰਨ ਦੇ ਨਾਲ ਨਾਲ ਸਟੇਸ਼ਨ ਉੱਪਰ ਆਉਣ ਜਾਣ ਵਾਲੀਆਂ ਗੱਡੀਆਂ ਦੀ ਚੈਕਿੰਗ ਕੀਤੀ ਗਈ। ਸੰਗਰੂਰ ਰੇਲਵੇ ਪੁਲੀਸ ਦੇ ਅਧਿਕਾਰੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਧਮਕੀ ਪੱਤਰ 13 ਜੂਨ ਨੂੰ ਪ੍ਰਾਪਤ ਹੋਇਆ ਹੈ ਜਿਸ ਵਿੱਚ 23 ਜੂਨ ਤੱਕ ਰੇਲਵੇ ਸਟੇਸ਼ਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਪੱਤਰ ਵਿੱਚ ਧੂਰੀ ਰੇਲਵੇ ਸਟੇਸ਼ਨ ਤੋਂ ਇਲਾਵਾ ਸੁਨਾਮ, ਲਹਿਰਾਂ ਮਹੁੱਬਤ, ਸੰਗਰੂਰ ਤੋਂ ਇਲਾਵਾ ਪੰਜਾਬ ਦੇ ਵੱਡੇ ਧਾਰਮਿਕ ਸਥਾਨਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਇਸ ਤੋਂ ਬਾਅਦ ਰੇਲਵੇ ਪੁਲੀਸ ਵੱਲੋਂ ਰੋਜ਼ਾਨਾ ਰੇਲਵੇ ਸਟੇਸ਼ਨ ਦੀ ਨਾਕਾਬੰਦੀ ਕੀਤੀ ਜਾ ਰਹੀ ਹੈ ਅਤੇ ਰੇਲਵੇ ਸਟੇਸ਼ਨ ਉੱਪਰ ਆਉਣ ਵਾਲੀਆਂ ਸਾਰੀਆਂ ਟਰੇਨਾਂ ਦੀ ਚੈਕਿੰਗ ਕਰਨ ਦੇ ਨਾਲ ਨਾਲ ਸ਼ੱਕੀ ਵਿਅਕਤੀਆ ਦਾ ਸਾਮਾਨ ਚੈੱਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰੇਲਗੱਡੀਆਂ ਰਾਹੀਂ ਯਾਤਰਾ ਕਰਨ ਵਾਲੇ ਵਿਅਕਤੀ ਚੌਕਸ ਰਹਿਣ। ਜੇ ਗੱਡੀਆਂ ਵਿੱਚ ਕੋਈ ਸ਼ੱਕੀ ਵਿਆਕਤੀ ਜਾ ਸ਼ੱਕੀ ਸਾਮਾਨ ਮਿਲਦਾ ਹੈ, ਇਸ ਦੀ ਜਾਣਕਾਰੀ ਫੋਰੀ ਰੇਲਵੇ ਗਾਰਡ ਜਾਂ ਰੇਲਵੇ ਦੇ ਟੌਲ ਫਰੀ ਨੰਬਰ ’ਤੇ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਰਾਤ ਨੂੰ ਰੇਲ ਗੱਡੀਆਂ ਵਿੱਚ ਡਿਊਟੀ ’ਤੇ ਤਾਇਨਾਤ ਪੁਲੀਸ ਮੁਲਾਜ਼ਮਾਂ ਨੂੰ ਵੀ ਚੌਕਸ ਰਹਿਣ ਦੀ ਸਖ਼ਤ ਹਦਾਇਤ ਕੀਤੀ ਗਈ ਹੈ। ਇਸ ਮੌਕੇ ਧੂਰੀ ਰੇਲਵੇ ਪੁਲੀਸ ਦੇ ਚੌਕੀ ਇੰਚਾਰਜ ਚਰਨਜੀਤ ਸਿੰਘ, ਬਰਨਾਲਾ ਰੇਲਵੇ ਪੁਲੀਸ ਦੇ ਚੌਕੀ ਇੰਚਾਰਜ ਸੁਖਪਾਲ ਸਿੰਘ, ਐੱਸਆਈ ਗੁਰਪ੍ਰੀਤ ਸਿੰਘ, ਏਐੱਸਆਈ ਨਿਰਮਲ ਸਿੰਘ, ਕੁਲਦੀਪ ਸਿੰਘ, ਧਰਮਪਾਲ ਸਿੰਘ ਹਾਜ਼ਰ ਸਨ।