ਪੱਤਰ ਪ੍ਰੇਰਕ
ਲਹਿਰਾਗਾਗਾ, 24 ਜੂਨ
ਇਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪਰ ਦੇ ਬਲਾਕ ਪ੍ਰਧਾਨ ਗੁਰਲਾਲ ਸਿੰਘ ਜਲੂਰ ਦੀ ਅਗਵਾਈ ਹੇਠ ‘ਅਗਨੀਪਥ’ ਯੋਜਨਾ ਦਾ ਵਿਰੋਧ ਕਰਦਿਆਂ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ। ਜਥੇਬੰਦੀ ਨੇ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਐੱਸਡੀਐੱਮ ਦੇ ਸੀਨੀਅਰ ਸੁਪਰਡੈਂਟ ਮਨਜੀਤ ਕੌਰ ਨੂੰ ਸੌੀਪਿਆ। ਉਨ੍ਹਾਂ ਕਿਹਾ ਕਿ ਦੇਸ਼ ਦੀ ਰਾਖੀ ਕਰਨ ਵਾਲੀ ਫ਼ੌਜ ਵੀ ਠੇਕੇ ’ਤੇ ਦੇਣਾ ਅਤੇ ਕਾਰਪੋਰੇਟ ਜਗਤ ਦੇ ਹਵਾਲੇ ਕਰਨਾ ਬਹੁਤ ਹੀ ਨਿੰਦਣਯੋਗ ਯੋਜਨਾ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਇਸ ਮਸਲੇ ’ਤੇ ਸਖਤ ਸਟੈਂਡ ਲੈਣ ਦੀ ਮੰਗ ਵੀ ਕੀਤੀ।
ਭਵਾਨੀਗੜ੍ਹ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਅੱਜ ਅਗਨੀਪਥ ਯੋਜਨਾ ਦਾ ਵਿਰੋਧ ਕਰਦਿਆਂ ਐੱਸਡੀਐੱਮ ਨੂੰ ਮੰਗ ਪੱਤਰ ਸੌਂਪਿਆ ਗਿਆ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਫਤਿਹਗੜ੍ਹ ਭਾਦਸੋਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੀ ਜਾ ਰਹੀ ਅਗਨੀਪਥ ਯੋਜਨਾ ਦੇਸ਼ ਦੇ ਨੌਜਵਾਨਾਂ, ਕਿਸਾਨਾਂ ਤੇ ਹਰ ਇੱਕ ਵਰਗ ਲਈ ਘਾਤਕ ਹੈ। ਜ਼ਿਲ੍ਹਾ ਪ੍ਰਧਾਨ ਨੇ ਨੌਜਵਾਨਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਇਸ ਮੌਕੇ ਕਰਨੈਲ ਸਿੰਘ, ਗੁਰਬਖਸ਼ੀਸ਼ ਸਿੰਘ, ਬਲਜੀਤ ਸਿੰਘ ਜੌਲੀਆਂ, ਤਾਰਾ ਸਿੰਘ ਕਾਕੜਾ, ਕਰਮਜੀਤ ਸਿੰਘ ਬਾਲਦ, ਗੁਰਮੇਲ ਸਿੰਘ ਸਕਰੌਦੀ, ਦਵਿੰਦਰ ਸਿੰਘ ਗਰੇਵਾਲ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਹਾਜ਼ਰ ਸਨ।
ਧੂਰੀ (ਖੇਤਰੀ ਪ੍ਰਤੀਨਿਧ): ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਵੱਲੋਂ ਅਗਨੀਪਥ ਯੋਜਨਾ ਨੂੰ ਰੱਦ ਕਰਵਾਉਣ ਲਈ ਦੇਸ਼ ਦੇ ਰਾਸ਼ਟਰਪਤੀ ਦੇ ਨਾਂਅ ਦਾ ਮੰਗ ਪੱਤਰ ਧੂਰੀ ਦੇ ਤਹਿਸੀਲਦਾਰ ਨੂੰ ਦਿੱਤਾ ਗਿਆ। ਕੁੱਲ ਹਿੰਦ ਕਿਸਾਨ ਸਭਾ ਦੇ ਅਮਰੀਕ ਸਿੰਘ ਕਾਂਝਲਾ, ਨਾਜ਼ਮ ਸਿੰਘ ਪੁੰਨਾਵਾਲ, ਅਵਤਾਰ ਸਿੰਘ ਬਾਦਸ਼ਾਹਪੁਰ, ਬੀਕੇਯੂ ਲੱਖੋਵਾਲ ਦੇ ਨਿਰਮਲ ਸਿੰਘ ਘਨੌਰ, ਸ਼ਮਸ਼ੇਰ ਸਿੰਘ ਡਕੌਂਦਾ ਨੇ ਕਿਹਾ ਕਿ ਅਗਨੀਪਥ ਯੋਜਨਾ ਵਿੱਚ ਨਾ ਕੋਈ ਨਵਾਂ ਰੈਂਕ, ਨਾ ਕੋਈ ਗ੍ਰੈਚੁਟੀ ਤੇ ਨਾ ਹੀ ਪੈਨਸ਼ਨ ਦਿੱਤੀ ਜਾਵੇਗੀ।
ਰਾਜਪੁਰਾ (ਪੱਤਰ ਪ੍ਰੇਰਕ): ਕੇਂਦਰ ਸਰਕਾਰ ਦੀ ਅਗਨੀਪਥ ਯੋਜਨਾ ਖਿਲਾਫ਼ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਗਏ ਸੱਦੇ ’ਤੇ ਕਿਸਾਨ ਜਥੇਬੰਦੀਆਂ ਦੇ ਸੈਂਕੜੇ ਕਾਰਕੁਨਾਂ ਵੱਲੋਂ ਮਾਨ ਸਿੰਘ ਰਾਜਪੁਰਾ, ਉਜਾਗਰ ਸਿੰਘ ਧਮੌਲੀ, ਜਸਮੇਰ ਸਿੰਘ ਕਬੂਲਪੁਰ, ਗੁਰਦੇਵ ਸਿੰਘ ਜੰਡੌਲੀ ਅਤੇ ਲਸ਼ਕਰ ਸਿੰਘ ਦੀ ਸਾਂਝੀ ਅਗਵਾਈ ਵਿੱਚ ਇਥੇ ਐੱਸਡੀਐੱਮ ਦਫ਼ਤਰ ਅੱਗੇ ਪ੍ਰਦਰਸ਼ਨ ਕਰਕੇ ਕੇਂਦਰ ਸਰਕਾਰ ਦਾ ਪੁਤਲਾ ਸਾੜਿਆ ਗਿਆ। ਪ੍ਰਦਰਸ਼ਨਕਾਰੀਆਂ ਨੇ ਕੇਂਦਰ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਘਨੌਰ (ਪੱਤਰ ਪ੍ਰੇਰਕ): ਕਿਸਾਨ ਜਥੇਬੰਦੀਆਂ ਵੱਲੋਂ ਸਬ ਤਹਿਸੀਲ ਦਫ਼ਤਰ ਘਨੌਰ ਸਾਹਮਣੇ ਕਿਸਾਨ ਆਗੂਆਂ ਧਰਮਪਾਲ ਸਿੰਘ ਸੀਲ, ਪਵਨ ਕੁਮਾਰ ਸੋਗਲਪੁਰ, ਤੇਜਿੰਦਰ ਸਿੰਘ ਹਾਸ਼ਮਪੁਰ, ਅਮਰਜੀਤ ਸਿੰਘ, ਮਨਿੰਦਰਜੀਤ ਸਿੰਘ ਵਿੱਕੀ ਘਨੌਰ ਅਤੇ ਜਗਤਾਰ ਸਿੰਘ ਅਲਾਮਦੀਪੁਰ ਦੀ ਸਾਂਝੀ ਅਗਵਾਈ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਵੱਲੋਂ ਦੇਸ਼ ਦੇ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਨਾਇਬ ਤਹਿਸੀਲਦਾਰ ਨੂੰ ਸੌਂਪ ਕੇ ਮੋਦੀ ਸਰਕਾਰ ਦਾ ਪੁੱਤਲਾ ਸਾੜਿਆ ਗਿਆ।
ਕਿਸਾਨ ਜਥੇਬੰਦੀਆਂ ਨੇ ਡੀਸੀ ਨੂੰ ਮੰਗ ਪੱਤਰ ਸੌਂਪਿਆ
ਮਾਲੇਰਕੋਟਲਾ (ਨਿੱਜੀ ਪੱਤਰ ਪ੍ਰੇਰਕ): ਕਿਸਾਨ ਜੱਥੇਬੰਦੀਆਂ ਨੇ ਅੱਜ ਰਾਸ਼ਟਰਪਤੀ ਦੇ ਨਾਂ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਨੂੰ ਮੰਗ ਪੱਤਰ ਸੌਂਪਿਆ ਅਤੇ ਮੰਗ ਮੰਗ ਕੀਤੀ ਕਿ ਦੇਸ਼, ਜਵਾਨਾਂ ਅਤੇ ਕਿਸਾਨਾਂ ਦੇ ਭਵਿੱਖ ਦੀ ਸਲਾਮਤੀ ਲਈ ‘ਅਗਨੀਪਥ’ ਸਕੀਮ ਨੂੰ ਰੱਦ ਕੀਤਾ ਜਾਵੇ। ਉਨ੍ਹਾਂ ਮੰਗ ਕੀਤੀ ਕਿ ਇਸ ਸਕੀਮ ਵਿਰੁੱਧ ਦੇਸ਼ ਭਰ ਵਿੱਚ ਅੰਦੋਲਨ ਕਰ ਰਹੇ ਲੋਕਾਂ ਵਿਰੁੱਧ ਦਰਜ ਕੀਤੇ ਗਏ ਸਾਰੇ ਪੁਲੀਸ ਕੇਸ ਵਾਪਸ ਲਏ ਜਾਣ ਅਤੇ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਡੱਕੇ ਸੈਂਕੜੇ ਨੌਜਵਾਨਾਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ। ਇਸ ਮੌਕੇ ਕਿਸਾਨ ਆਗੂ ਨਾਹਰ ਸਿੰਘ ਹਥਨ, ਦਰਸ਼ਨ ਸਿੰਘ ਹਥੋਆ, ਅਮਰਜੀਤ ਸਿੰਘ ਰੋਹਣੋ, ਭਰਪੂਰ ਸਿੰਘ ਬੂਲਾਪੁਰ, ਨਰਿੰਦਰਜੀਤ ਸਿੰਘ ਸਲਾਰ, ਅਬਦੁੱਲ ਸਤਾਰ ,ਬੂਟਾ ਖਾਂ ਸੰਘੈਣ ਆਦਿ ਹਾਜ਼ਰ ਸਨ।