ਬੀਰਬਲ ਰਿਸ਼ੀ
ਸ਼ੇਰਪੁਰ, 4 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਸ਼ੇਰਪੁਰ-ਕਾਤਰੋਂ ਸੜਕ ’ਤੇ ਸਥਿਤ ਐਸਆਰ ਪੈਟਰੋਲ ਪੰਪ ’ਤੇ ਦਿਨ ਰਾਤ ਦਾ ਪੱਕੇ ਤੌਰ ’ਤੇ ਲਗਾਇਆ ਧਰਨਾ ਅੱਜ ਚੌਥੇ ਦਿਨ ਵੀ ਜਾਰੀ ਰਿਹਾ। ਚਾਰ ਦਿਨਾਂ ਤੋਂ ਮੁਕੰਮਲ ਬੰਦ ਪਏ ਪੈਟਰੋਲ ਪੰਪ ਤੇ ਆਏ ਦਿਨ ਮਰਦ ਔਰਤ ਧਰਨਾਕਾਰੀਆਂ ਦੀ ਵਧ ਰਹੀ ਗਿਣਤੀ ਤੋਂ ਜਿੱਥੇ ਪੰਪ ਮਾਲਕ ਪ੍ਰੇਸ਼ਾਨ ਹਨ, ਉੱਥੇ ਕਿਸਾਨਾਂ ਦੇ ਹੌਸਲੇ ਬੁਲੰਦ ਹਨ।
ਬੀਕੇਯੂ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਮਲਕੀਤ ਸਿੰਘ ਹੇੜੀਕੇ ਅਤੇ ਜਨਰਲ ਸਕੱਤਰ ਬਲਵਿੰਦਰ ਸਿੰਘ ਕਾਲਾਬੂਲਾ ਨੇ ਕਿਹਾ ਕਿ ਖੇਤੀ ਆਰਡੀਨੈਂਸਾਂ ’ਤੇ ਕਿਸਾਨਾਂ ਵੱਲੋਂ ਲਾਈਨ ਖਿੱਚ ਕੇ ਕੇਂਦਰ ਨਾਲ ਲੜਾਈ ਲੜਨ ਲਈ ਉੱਭਰ ਰਿਹਾ ਕਿਸਾਨ ਸੰਘਰਸ਼ ਹੁਣ ਫ਼ੈਸਲਾਕੁੰਨ ਦੌਰ ਵਿੱਚ ਹੈ ਕਿਉਂਕਿ ਹੁਣ ਕਾਰਪੋਰੇਟ ਘਰਾਣਿਆਂ ਨੂੰ ਪੰਜਾਬ ਵਿੱਚ ਵੜਨ ਨਹੀਂ ਦਿੱਤਾ ਜਾਵੇਗਾ ਨਾ ਹੀ ਇਸ ਦੀਆਂ ਸਮਰਥਕ ਰਾਜਨੀਤਕ ਪਾਰਟੀਆਂ ਦੇ ਨੇਤਾਵਾਂ ਨੂੰ ਪਿੰਡਾਂ ਵਿੱਚ ਵੜਨ ਦਿੱਤਾ ਜਾਵੇਗਾ। ਕਿਸਾਨਾਂ ਦੇ ਇਸ ਸੰਘਰਸ਼ ਵਿਚ ਕਿਸਾਨ ਬੀਬੀਆਂ ਵੀ ਸ਼ਮੂਲੀਅਤ ਕਰ ਰਹੀਆਂ ਹਨ।
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਬੀਕੇਯੂ ਉਗਰਾਹਾਂ ਵੱਲੋਂ ਟੌਲ ਪਲਾਜ਼ਾ ਕਾਲਾਝਾੜ ਅਤੇ ਪੈਟਰੋਲ ਪੰਪ ਬਾਲਦ ਕਲਾਂ ਵਿਚ ਅੱਜ ਚੌਥੇ ਦਿਨ ਵੀ ਧਰਨੇ ਜਾਰੀ ਰਹੇ। ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ, ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਅਤੇ ਜਨਰਲ ਸਕੱਤਰ ਜਸਵੀਰ ਸਿੰਘ ਗੱਗੜਪੁਰ ਨੇ ਨਰਿੰਦਰ ਮੋਦੀ ਵੱਲੋਂ ਭਾਜਪਾ ਕਾਰਕੁਨਾਂ ਨੂੰ ਕਾਲੇ ਖੇਤੀ ਕਾਨੂੰਨਾਂ ਦੇ ਪੱਖ ਵਿੱਚ ਪ੍ਰਚਾਰ ਕਰਨ ਦੇ ਸੱਦੇ ਦੇ ਚੈਲੰਜ ਨੂੰ ਕਬੂਲ ਕੀਤਾ। ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂ): ਬੀਕੇਯੂ ਏਕਤਾ (ਉਗਰਾਹਾਂ) ਵੱਲੋਂ ਮਾਲੇਰਕੋਟਲਾ-ਧੂਰੀ ਰੋਡ ਸਥਿਤ ਰਿਲਾਇੰਸ ਕੰਪਨੀ ਦੇ ਪੈਟਰੋਲ ਪੰਪ ਅੱਗੇ ਸ਼ੁਰੂ ਕੀਤੇ ਦਿਨ-ਰਾਤ ਦਾ ਧਰਨੇ ਦੇ ਅੱਜ ਚੌਥੇ ਭਰਾਤਰੀ ਜਥੇਬੰਦੀਆਂ ਗੈਸਟ ਫੈਕਲਟੀ ਯੂਨੀਅਨ ਦੇ ਆਗੂ ਸਹਾਇਕ ਪ੍ਰੋਫੈਸਰ ਸੁਖਚੈਨ ਸਿੰਘ , ਤਰਕਸ਼ੀਲ ਸੁਸਾਇਟੀ ਪੰਜਾਬ ਦੇ ਨਰਿੰਦਰਪਾਲ ਸਿੰਘ ਹਥਨ, ਜੁਆਇੰਟ ਐਕਸ਼ਨ ਕਮੇਟੀ ਮਾਲੇਰਕੋਟਲਾ ਦੇ ਪ੍ਰਧਾਨ ਨਦੀਮ ਅਨਵਾਰ ਖ਼ਾਂ, ਸਾਂਝਾ ਫਰੰਟ ਦੇ ਆਗੂ ਮੁਹੰਮਦ ਨਸੀਰ, ਬਾਰ ਐਸੋਸੀਏਸ਼ਨ ਮਾਲੇਰਕੋਟਲਾ ਦੇ ਸਾਬਕਾ ਪ੍ਰਧਾਨ ਐਡਵੋਕੇਟ ਗੁਰਮੁੱਖ ਸਿੰਘ ਟਿਵਾਣਾ, ਸਿੱਖ -ਮੁਸਲਿਮ ਸਾਂਝਾਂ ਪੰਜਾਬ ਦੇ ਪ੍ਰਧਾਨ ਡਾ. ਮੁਹੰਮਦ ਨਸੀਰ ਆਦਿ ਸ਼ਾਮਲ ਹੋਏ ਤੇ ਧਰਨੇ ਨੂੰ ਸੰਬੋਧਨ ਕੀਤਾ। ਆਗੂਆਂ ਨੇ ਕਿਹਾ ਕਿ ਇਨ੍ਹਾਂ ਕਾਨੂੰਨਾਂ ਨਾਲ ਖੇਤੀ ਤੇ ਖੇਤੀ ਸਹਾਇਕ ਧੰਦਿਆਂ ਸਣੇ ਹੋਰ ਕਾਰੋਬਾਰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ। ਬੁਲਾਰਿਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਾਰਪੋਰੇਟ ਘਰਾਣਿਆਂ ਦੇ ਉਤਪਾਦਾਂ ਦਾ ਬਾਈਕਾਟ ਕੀਤਾ ਜਾਵੇ।
ਮਸਤੂਆਣਾ ਸਾਹਿਬ (ਐੱਸ.ਐੱਸ. ਸੱਤੀ): ਪਿੰਡ ਉਭਾਵਾਲ ਵਿਚ ਗ੍ਰਾਮ ਪੰਚਾਇਤ ਅਤੇ ਨਗਰ ਵਾਸੀਆਂ ਦੀ ਵਿਸ਼ੇਸ਼ ਮੀਟਿੰਗ ਸਰਪੰਚ ਅਮਰਜੀਤ ਕੌਰ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਦੌਰਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਸਬੰਧੀ ਸਰਬਸੰਮਤੀ ਨਾਲ ਪੰਚਾਇਤ ਵਿਚ ਮਤਾ ਪਾਸ ਕੀਤਾ। ਇਸ ਮੌਕੇ ਪਿੰਡ ਉਭਾਵਾਲ ਵਾਸੀਆਂ ਨੇ ਸੰਘਰਸ਼ ਹੋਰ ਤੇਜ਼ ਕਰਨ ਦੀ ਚਿਤਾਵਨੀ ਦਿੱਤੀ।
ਕਿਰਤੀਆਂ ਨੂੰ ਸਿਆਸਤਦਾਨਾਂ ਤੋਂ ਚੌਕਸ ਰਹਿਣ ਦੀ ਅਪੀਲ
ਧੂਰੀ (ਹਰਦੀਪ ਸਿੰਘ ਸੋਢੀ): ਬੀਕੇਯੂ ਏਕਤਾ ਉਗਰਾਹਾਂ ਦਾ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਧਰਨਾ ਚੌਥੇ ਦਿਨ ਵੀ ਜਾਰੀ ਰਿਹਾ ਅਤੇ ਕਿਸਾਨਾਂ ਵੱਲੋਂ ਧੂਰੀ-ਸੰਗਰੂਰ ਰੋਡ ’ਤੇ ਪਿੰਡ ਬੇਨੜਾ ਵਿਚ ਸਥਿਤ ਰਿਲਾਇੰਸ ਪੈਟਰੋਲ ਪੰਪ ਅਤੇ ਪਿੰਡ ਲੱਡਾ ਨੇੜੇ ਸਥਿਤ ਟੌਲ ਪਲਾਜ਼ਾ ਦਾ ਘਿਰਾਓ ਜਾਰੀ ਰੱਖਦੇ ਹੋਏ ਤਿੰਨੋਂ ਖੇਤੀ ਵਿਰੋਧੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ। ਧਰਨੇ ਦੌਰਾਨ ਕਿਸਾਨ ਔਰਤਾਂ ਤੇ ਬੱਚਿਆਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ। ਕਿਸਾਨ ਆਗੂ ਹਰਪਾਲ ਸਿੰਘ ਪੇਧਨੀ ਨੇ ਰਾਹੁਲ ਗਾਂਧੀ ਦੀ ਟਰੈਕਟਰ ਰੈਲੀ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਦਿਆਂ ਕਿਰਤੀਆਂ ਨੂੰ ਸਿਆਸੀਆਂ ਪਾਰਟੀਆਂ ਤੋਂ ਚੌਕਸ ਰਹਿਣ ਲਈ ਕਿਹਾ। ਉਨ੍ਹਾਂ ਕਿਹਾ ਕਿ ਖੇਤੀ ਵਿਰੋਧੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਰਹੇਗਾ।