ਗੁਰਦੀਪ ਸਿੰਘ ਲਾਲੀ
ਸੰਗਰੂਰ, 27 ਅਕਤੂਬਰ
ਇਥੇ ਅਕਾਲ ਡਿਗਰੀ ਕਾਲਜ ਫਾਰ ਵਿਮੈਨ ਵਿਖੇ ਅੱਜ ਕਾਲਜ ਪ੍ਰਿੰਸੀਪਲ ਦੇ ਦਫ਼ਤਰ ਨੂੰ ਕਾਲਜ ਗਵਰਨਿੰਗ ਕਮੇਟੀ ਵਲੋਂ ਲਗਾਏ ਤਾਲੇ ਕਾਰਨ ਪ੍ਰਿੰਸੀਪਲ ਨੂੰ ਦਫਤਰ ਅੱਗੇ ਵਰਾਂਡੇ ਵਿਚ ਹੀ ਦਫ਼ਤਰ ਲਗਾਉਣਾ ਪਿਆ ਹੈ।
ਕਾਲਜ ਪ੍ਰਿੰਸੀਪਲ ਦਾ ਦਾਅਵਾ ਹੈ ਕਿ ਸਰਕਾਰ ਵਲੋਂ ਡਿਊਟੀ ਜੁਆਇਨ ਕਰਨ ਦੇ ਜਾਰੀ ਹੋਏ ਹੁਕਮਾਂ ਤਹਿਤ ਉਹ ਕਾਲਜ ਪੁੱਜੇ ਸਨ ਪਰੰਤੂ ਉਨ੍ਹਾਂ ਦੇ ਦਫ਼ਤਰੀ ਕਮਰੇ ਦਾ ਤਾਲਾ ਨਹੀਂ ਖੋਲ੍ਹਿਆ ਗਿਆ। ਉਧਰ ਕਾਲਜ ਗਵਰਨਿੰਗ ਕਮੇਟੀ ਦੇ ਚੇਅਰਮੈਨ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਕਮੇਟੀ ਨੂੰ ਅਜੇ ਤੱਕ ਅਜਿਹੇ ਕੋਈ ਹੁਕਮ ਪ੍ਰਾਪਤ ਨਹੀਂ ਹੋਏ ਹਨ।
ਡਾ. ਸੁਖਮੀਨ ਕੌਰ ਸਿੱਧੂ ਪਿਛਲੇ ਲੰਮੇ ਸਮੇਂ ਤੋਂ ਅਕਾਲ ਡਿਗਰੀ ਕਾਲਜ ਫਾਰ ਵਿਮੈਨ ਦੇ ਪ੍ਰਿੰਸੀਪਲ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਜਿਨ੍ਹਾਂ ਨੂੰ ਕਾਲਜ ਗਵਰਨਿੰਗ ਕਮੇਟੀ ਵਲੋਂ ਬੀਤੀ 23 ਅਕਤੂਬਰ 2021 ਨੂੰ ਉਨ੍ਹਾਂ ਨੂੰ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਮੁਅੱਤਲੀ ਦੇ ਖ਼ਿਲਾਫ਼ ਉਨ੍ਹਾਂ ਵਲੋਂ ਪੰਜਾਬ ਸਰਕਾਰ ਦੇ ਹਾਇਰ ਐਜੂਕੇਸ਼ਨ ਦੇ ਉਚ ਅਧਿਕਾਰੀਆਂ ਨੂੰ ਇਨਸਾਫ਼ ਦਿਵਾਉਣ ਲਈ ਲਿਖਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਵਿਭਾਗ ਵਲੋਂ ਇੱਕ ਹੁਕਮ ਜਾਰੀ ਕਰਕੇ ਉਨ੍ਹਾਂ ਨੂੰ ਕਾਲਜ ਵਿਚ ਆਪਣੀ ਡਿਊਟੀ ’ਤੇ ਹਾਜ਼ਰ ਹੋਣ ਲਈ ਕਿਹਾ ਗਿਆ ਹੈ। 26-10-2021 ਨੂੰ ਜਾਰੀ ਹੋਏ ਹੁਕਮਾਂ ਤਹਿਤ ਹੀ ਉਹ ਅੱਜ ਕਾਲਜ ਵਿਚ ਬਤੌਰ ਪ੍ਰਿੰਸੀਪਲ ਆਪਣੀ ਡਿਊਟੀ ਜੁਆਇਨ ਕਰਨ ਪੁੱਜੇ ਸੀ ਪਰੰਤੂ ਉਨ੍ਹਾਂ ਦੇ ਦਫ਼ਤਰ ਨੂੰ ਦੋ ਜਿੰਦੇ ਲੱਗੇ ਹੋਏ ਹਨ। ਉਨ੍ਹਾਂ ਦੱਸਿਆ ਕਿ ਕਾਲਜ ਗਵਰਨਿੰਗ ਕਮੇਟੀ ਵਲੋਂ ਦਫ਼ਤਰ ਨੂੰ ਇਹ ਤਾਲੇ ਲਗਾਏ ਹੋਏ ਹਨ ਜਿਸ ਕਾਰਨ ਅੱਜ ਉਹ ਆਪਣੇ ਦਫ਼ਤਰ ਵਿਚ ਦਾਖਲ ਨਹੀਂ ਹੋ ਸਕੇ।
ਇਸ ਕਾਰਨ ਉਨ੍ਹਾਂ ਨੂੰ ਦਫ਼ਤਰ ਦੇ ਬਾਹਰ ਵਰਾਂਡੇ ਵਿਚ ਹੀ ਬੈਠ ਕੇ ਆਪਣਾ ਕੰਮਕਾਜ ਕਰਨਾ ਪਿਆ ਅਤੇ ਸਾਰਾ ਦਿਨ ਆਪਣੀ ਡਿਊਟੀ ’ਤੇ ਹਾਜ਼ਰ ਰਹੇ। ਉਨ੍ਹਾਂ ਦੱਸਿਆ ਕਿ ਸਕੱਤਰ ਉਚੇਰੀ ਸਿੱਖਿਆ ਵਿਭਾਗ ਵਲੋਂ ਜਾਰੀ ਹੁਕਮਾਂ ਵਿਚ ਸਪੱਸ਼ਟ ਕੀਤਾ ਹੈ ਕਿ ਸਕਿਊਰਿਟੀ ਆਫ਼ ਸਰਵਿਸਿਜ ਆਫ਼ ਇੰਪਲਾਈਜ਼ ਐਕਟ 1974 ਸੈਕਸ਼ਨ 2-ਬੀ ਤਹਿਤ ਕਿਸੇ ਵੀ ਮੁਲਾਜ਼ਮ ਨੂੰ ਜਾਂਚ ਮੁਕੰਮਲ ਹੋਏ ਬਗੈਰ ਮੁਅੱਤਲ ਨਹੀਂ ਕੀਤਾ ਜਾ ਸਕਦਾ। ਪ੍ਰਿੰਸੀਪਲ ਨੇ ਕਿਹਾ ਕਿ ਭਾਵੇਂ ਉਨ੍ਹਾਂ ਦੇ ਦਫ਼ਤਰ ਨੂੰ ਤਾਲੇ ਅੱਜ ਨਹੀਂ ਖੋਲ੍ਹੇ ਗਏ ਪਰੰਤੂ ਉਹ ਸਰਕਾਰ ਦੇ ਹੁਕਮਾਂ ਤਹਿਤ ਰੋਜ਼ਾਨਾ ਆਪਣੀ ਡਿਊਟੀ ’ਤੇ ਹਾਜ਼ਰ ਹੋਣਗੇ।
ਉਧਰ ਕਾਲਜ ਗਵਰਨਿੰਗ ਕਮੇਟੀ ਦੇ ਚੇਅਰਮੈਨ ਕਰਨਬੀਰ ਸਿੰਘ ਸਬਿੀਆ ਦਾ ਕਹਿਣਾ ਹੈ ਕਿ 23 ਅਕਤੂਬਰ ਨੂੰ ਪ੍ਰਿੰਸੀਪਲ ਨੂੰ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਸੀ। ਪ੍ਰਿੰਸੀਪਲ ਨੂੰ ਡਿਊਟੀ ’ਤੇ ਜੁਆਇਨ ਕਰਾਉਣ ਬਾਰੇ ਅਜੇ ਤੱਕ ਸਰਕਾਰ ਵਲੋਂ ਕੋਈ ਵੀ ਹੁਕਮ ਪ੍ਰਾਪਤ ਨਹੀਂ ਹੋਇਆ। ਜਦੋਂ ਵੀ ਹੁਕਮ ਪ੍ਰਾਪਤ ਹੋਣਗੇ, ਉਸ ਤੋਂ ਬਾਅਦ ਹੀ ਹੁਕਮਾਂ ਦੀ ਪਾਲਣਾ ਕੀਤੀ ਜਾਵੇਗੀ ਜਾਂ ਉਸ ਅਨੁਸਾਰ ਅਗਲੇਰੀ ਕਰਵਾਈ ਅਮਲ ਵਿਚ ਲਿਆਂਦੀ ਜਾਵੇਗੀ।