ਮਹਿੰਦਰ ਕੌਰ ਮਨੂੰ
ਸੰਗਰੂਰ, 20 ਨਵੰਬਰ
ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਅਕਾਲੀ ਦਲ ਡੈਮੋਕ੍ਰੈਟਿਕ ਨੇ ਹੀ ਕਿਸਾਨਾਂ ਤੇ ਖੇਤੀ ਵਿਰੋਧੀ ਵਿਰੋਧੀ ਕਾਨੂੰਨਾਂ ਦੇ ਵਿਰੋਧ ਦੀ ਪਹਿਲ ਕੀਤੀ ਤੇ ਫਿਰ ਆਰਡੀਨੈਂਸਾਂ ਨੂੰ ਕਾਨੂੰਨ ਬਣਾਉਣ ਤੋਂ ਰੋਕਣ ਬਾਰੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਕੇ ਖੇਤੀ ਵਿਰੋਧੀ ਕਾਨੂੰਨਾਂ ਦੇ ਖਤਰਿਆਂ ਸਬੰਧੀ ਜਾਣੂ ਕਰਵਾਇਆ। ਇਸ ਤਰ੍ਹਾਂ ਦੇਸ਼ ਅੰਦਰ ਖੇਤੀ ਕਾਨੂੰਨਾਂ ਖ਼ਿਲਾਫ਼ ਸਿਆਸੀ ਮਹੌਲ ਸਿਰਜਣ ਦੀ ਪਹਿਲ ਉਨ੍ਹਾਂ ਨੇ ਕੀਤੀ। ਉਹ ਇੱਥੇ ਸੰਗਰੂਰ ਤੇ ਬਰਨਾਲਾ ਜ਼ਿਲ੍ਹਿਆਂ ਦੇ ਅਸੈਂਬਲੀ ਹਲਕਿਆਂ ਦੇ ਵਰਕਰਾਂ ਦੀਆਂ ਵੱਖ ਵੱਖ ਮੀਟਿੰਗਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਪਾਰਟੀ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦੀ ਦੂਰਅੰਦੇਸ਼ੀ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਸ੍ਰੀ ਢੀਂਡਸਾ ਨੇ ਖਾਦ ਮੰਤਰੀ ਹੁੰਦਿਆਂ ਨੈਸ਼ਨਲ ਫਰਟੀਲਾਈਜ਼ਰ ਨੰਗਲ ਦੇ ਕਾਰਖਾਨੇ ਨੂੰ ਕਾਰਪੋਰੇਟ ਘਰਾਣੇ ਦੇ ਹੱਥਾਂ ’ਚ ਵੇਚਣ ਤੋਂ ਰੋਕ ਕੇ ਕਿਸਾਨ ਪੱਖੀ ਫੈਸਲਾ ਲਿਆ ਸੀ ਜਿਸ ਦਾ ਪੰਜਾਬ ਦੇ ਕਿਸਾਨਾਂ ਨੂੰ ਲਾਭ ਹੋਇਆ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਉਸ ਵੇਲੇ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਤੋਂ ਖਾਦਾਂ ’ਤੇ ਸਬਸਿਡੀ ਜਾਰੀ ਰੱਖਣ ਦਾ ਫੈਸਲਾ ਕਰਵਾਇਆ ਕਿਉਂਕਿ ਉਸ ਮੌਕੇ ਖਾਦਾਂ ’ਤੇ ਸਬਸਿਡੀ ਖਤਮ ਕਰਨ ਦਾ ਦਬਾਅ ਪਾਇਆ ਜਾ ਰਿਹਾ ਸੀ। ਉਸ ਵੇਲੇ ਹੀ ਯੂਰੀਆ ਖਾਦ ਦੀ ਕੀਮਤ ਨਿਸ਼ਚਿਤ ਕਰਵਾਈ ਸੀ ਜਿਸ ਦਾ ਭਾਅ ਅਜੇ ਤੱਕ ਨਹੀਂ ਵਧ ਸਕਿਆ। ਉਨ੍ਹਾਂ ਕਿਹਾ ਕਿ ਅਜਿਹੇ ਲੋਕ ਪੱਖੀ ਫੈਸਲੇ ਲੋਕ ਪੱਖੀ ਸੋਚ ਰੱਖਣ ਵਾਲਾ ਤੇ ਕਿਸਾਨਾਂ ਦਾ ਭਲਾ ਸੋਚਣ ਵਾਲਾ ਆਗੂ ਹੀ ਕਰਵਾ ਸਕਦਾ ਹੈ। ਉਨ੍ਹਾਂ ਨੇ ਪਾਰਟੀ ਵਰਕਰਾਂ ਨੂੰ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਨੇ ਕਿਸਾਨਾਂ ਦੇ 26 ਤੇ 27 ਨਵੰਬਰ ਦੇ ਦਿੱਲੀ ਰੋਸ ਧਰਨੇ ’ਚ ਡੱਟ ਕੇ ਹਿੱਸਾ ਲੈਣ ਦਾ ਫੈਸਲਾ ਲਿਆ ਹੈ। ਉਨ੍ਹਾਂ ਵਰਕਰਾਂ ਨੂੰ ਮੀਟਿੰਗਾਂ ਕਰਕੇ ਦਿੱਲੀ ਧਰਨੇ ’ਚ ਸ਼ਾਮਲ ਹੋਣ ਲਈ ਲੋਕਾਂ ਨੂੰ ਲਾਮਬੰਦ ਕਰਨ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਵੱਧ ਤੋਂ ਵੱਧ ਲੋਕਾਂ ਦੀ ਹਾਜ਼ਰੀ ਯਕੀਨੀ ਬਣਾਈ ਜਾਵੇ।
ਉਨ੍ਹਾਂ ਦਿੱਲੀ ਦੇ ਕਿਸਾਨ ਧਰਨੇ ’ਚ ਵੱਧ ਤੋਂ ਵੱਧ ਲੋਕਾਂ ਨੂੰ ਲੈ ਜਾਣ ਲਈ ਪਾਰਟੀ ਵਰਕਰਾਂ ਦੀਆਂ ਬਕਾਇਦਾ ਡਿਊਟੀਆਂ ਲਾਈਆਂ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਹੱਕਾਂ ਹਿੱਤਾਂ ਲਈ ਡੱਟ ਕੇ ਖੜਾਂਗੇ ਤੇ ਖੇਤੀ ਵਿਰੋਧੀ ਕਾਨੂੰਨਾਂ ਦਾ ਤਿੱਖਾ ਵਿਰੋਧ ਕਰਦੇ ਰਹਾਂਗੇ। ਉਨ੍ਹਾਂ ਲੋਕਾਂ ਨੂੰ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਘੋਲ ਨੂੰ ਲੋਕ ਅੰਦੋਲਨ ਬਣਾਉਣ ਦਾ ਸੱਦਾ ਦਿੱਤਾ।