ਰਮੇਸ਼ ਭਾਰਦਵਾਜ
ਲਹਿਰਾਗਾਗਾ, 20 ਜਨਵਰੀ
ਅਕਾਲੀ ਦਲ ਡੈਮੋਕ੍ਰੈਟਿਕ ਪਾਰਟੀ ਨੇ ਪੰਜਾਬ ਅੰਦਰ ਨਗਰ ਕੌਂਸਲ ਚੋਣਾਂ ਨੂੰ ਘੱਟੋ ਘੱਟ ਦੋ ਮਹੀਨੇ ਅੱਗੇ ਪਾਉਣ ਦੀ ਮੰਗ ਕੀਤੀ ਹੈ। ਪਾਰਟੀ ਦੇ ਹਲਕਾ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇੱਕ ਪਾਸੇ ਕਿਸਾਨੀ ਸੰਘਰਸ਼ ਪੂਰੇ ਜੋਬਨ ’ਤੇ ਹੈ ਪਰ ਪੰਜਾਬ ਸਰਕਾਰ ਧੱਕੇ ਨਾਲ ਚੋਣਾਂ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਚੋਣ ਕਮਿਸ਼ਨ ਨੂੰ ਕਾਂਗਰਸ ਸਰਕਾਰ ਦੇ ਇਸ਼ਾਰੇ ’ਤੇ ਨਹੀਂ ਖੇਡਣਾ ਚਾਹੀਦਾ। ਸ੍ਰੀ ਢੀਂਡਸਾ ਨੇ ਦਿੱਲੀ ਪੁਲੀਸ ’ਤੇ ਭਾਜਪਾ ਸਰਕਾਰ ਦੇ ਇਸ਼ਾਰਿਆਂ ’ਤੇ ਚੱਲਣ ਦਾ ਦੋਸ਼ ਲਾਉਂਦੇ ਕਿਹਾ ਕਿ ਪੁਲੀਸ ਨੂੰ ਸ਼ਾਂਤਮਈ ਕਿਸਾਨ ਟਰੈਕਟਰ ਮਾਰਚ ਕੱਢਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ’ਤੇ ਸਰਕਾਰ ਵੱਲੋਂ ਲੋਕਾਂ ਦੇ ਸੰਵਿਧਾਨਕ ਹੱਕ ਖੋਹਣਾ ਵੱਡੀ ਤਰਾਸਦੀ ਹੈ। ਉਨ੍ਹਾਂ ਡੈਮੋਕ੍ਰੈਟਿਕ ਅਕਾਲੀ ਦਲ ਵੱਲੋਂ ਨਗਰ ਕੌਂਸਲ ਚੋਣਾਂ ਲੜਨ ਸਬੰਧੀ ਸਪੱਸ਼ਟ ਕੀਤਾ ਕਿ ਸਾਡੀ ਪਾਰਟੀ ਨੇ ਲੋਕਲ ਲੀਡਰਸ਼ਿਪ ਕਮੇਟੀ ਨੂੰ ਅਧਿਕਾਰ ਦਿੱਤੇ ਹਨ, ਜਿਵੇਂ ਉਹ ਕਰਨਗੇ ਠੀਕ ਹੋਵੇਗਾ।