ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ) ਪਿੰਡ ਘਰਾਚੋਂ ’ਚ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਦੀ ਪ੍ਰਾਪਤੀ ਲਈ ਸੰਘਰਸ਼ ਦੌਰਾਨ ਬੀਤੇ ਕੱਲ੍ਹ ਗ੍ਰਿਫ਼ਤਾਰ ਕੀਤੇ 125 ਦਲਿਤਾਂ ਨੂੰ ਆਗੂਆਂ ਸਮੇਤ ਦੇਰ ਸ਼ਾਮ ਰਿਹਾਅ ਕਰ ਦਿੱਤਾ ਗਿਆ ਹੈ। ਉਂਝ, ਭਵਾਨੀਗੜ੍ਹ ਪੁਲੀਸ ਨੇ ਕਰੋਨਾ ਸੰਕਟ ਦੌਰਾਨ ਸੋਸ਼ਲ ਡਿਸਟੈਂਸ ਨਾ ਰੱਖਣ ਦੇ ਦੋਸ਼ ਹੇਠ ਤਿੰਨ ਮਜ਼ਦੂਰ ਆਗੂਆਂ ਖ਼ਿਲਾਫ਼ ਕੇਸ ਦਰਜ ਕਰ ਦਿੱਤਾ। ਇਸ ਸਬੰਧੀ ਜ਼ਮੀਨ ਪ੍ਰਾਪਤੀ ਸ਼ੰਘਰਸ ਕਮੇਟੀ ਦੇ ਆਗੂ ਬਿਕਰਮਜੀਤ ਸਿੰਘ ਹਥੋਆ ਤੇ ਪ੍ਰਮਜੀਤ ਕੌਰ ਨੇ ਦੱਸਿਆ ਕਿ ਕੈਬਨਿਟ ਮੰਤਰੀ ਸਿੰਗਲਾ ਦੇ ਇਸ਼ਾਰੇ ’ਤੇ ਪੁਲੀਸ ਪ੍ਰਸ਼ਾਸਨ ਨੇ ਆਪਣੇ ਹਿਸੇ ਦੀ ਪੰਚਾਇਤੀ ਜ਼ਮੀਨ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਦਲਿਤਾਂ ਨੂੰ ਧੱਕੇਸ਼ਾਹੀ ਨਾਲ 29 ਜੁਲਾਈ ਨੂੰ ਗ੍ਰਿਫ਼ਤਾਰ ਕਰਕੇ ਬਾਲੀਆਂ ਤੇ ਸ਼ੇਰਪੁਰ ਥਾਣਿਆਂ ਵਿੱਚ ਡੱਕ ਦਿੱਤਾ ਸੀ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਨੇ ਥਾਣਿਆਂ ਵਿੱਚ ਵੀ ਪੁਲੀਸ ਦੀ ਧੱਕੇਸ਼ਾਹੀ ਖ਼ਿਲਾਫ਼ ਆਵਾਜ਼ ਬੁਲੰਦ ਰੱਖੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲੀਸ ਅਧਿਕਾਰੀਆਂ ਨੇ ਮਜ਼ਦੂਰ ਆਗੂ ਗੁਰਚਰਨ ਸਿੰਘ ਘਰਾਚੋਂ ਤੋਂ ਇਲਾਵਾ ਬਾਕੀ ਸਾਰੇ ਔਰਤਾਂ ਸਮੇਤ ਦਲਿਤਾਂ ਨੂੰ ਰਿਹਾਅ ਕਰਨ ਦਾ ਸੁਝਾਅ ਦਿੱਤਾ ਪਰ ਮਜ਼ਦੂਰਾਂ ਨੇ ਆਪਣੇ ਆਗੂ ਦੀ ਬਿਨਾਂ ਸ਼ਰਤ ਰਿਹਾਈ ਤੋਂ ਬਿਨਾਂ ਘਰਾਂ ਨੂੰ ਵਾਪਸ ਜਾਣ ਤੋਂ ਇਨਕਾਰ ਕਰ ਦਿੱਤਾ ਤੇ ਧਰਨੇ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਦੇਰ ਸ਼ਾਮ ਪੁਲੀਸ ਨੇ ਮਜ਼ਦੂਰ ਆਗੂ ਗੁਰਚਰਨ ਸਿੰਘ ਘਰਾਚੋਂ ਸਮੇਤ ਸਾਰੇ ਦਲਿਤਾਂ ਨੂੰ ਰਿਹਾਅ ਕਰ ਦਿੱਤਾ। ਮਜ਼ਦੂਰ ਆਗੂਆਂ ਨੇ ਦੱਸਿਆ ਕਿ ਐੱਸਪੀ ਅਪ੍ਰੇਸ਼ਨ ਹਰਪ੍ਰੀਤ ਸਿੰਘ ਵੱਲੋਂ ਜ਼ਮੀਨ ਸਬੰਧੀ ਕੈਬਨਿਟ ਮੰਤਰੀ ਸਿੰਗਲਾ ਨਾਲ ਐਤਵਾਰ ਨੂੰ ਮੀਟਿੰਗ ਰਖਾਉਣ ਦਾ ਭਰੋਸਾ ਦਿੱਤਾ ਗਿਆ।