ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 4 ਜਨਵਰੀ
ਕਿਸਾਨ ਜਥੇਬੰਦੀਆਂ ਦੇ ਸਾਂਝੇ ਸੰਯੁਕਤ ਮੋਰਚੇ ਦੀ ਅਗਵਾਈ ਹੇਠ ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਕਿਸਾਨ ਮਾਰੂ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਦਿੱਲੀ ਦੀ ਫਿਰਨੀ ਘੇਰੀ ਬੈਠੇ ਕਿਸਾਨਾਂ ਦੇ ਸੰਘਰਸ਼ ਦਾ ਹਿੱਸਾ ਬਣਨ ਲਈ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਪਿੰਡ ਭੂਦਨ ਇਕਾਈ ਦਾ 10ਵਾਂ ਜੱਥਾ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਾ ਹੋਇਆ ਰਵਾਨਾ ਹੋਇਆ, ਉਧਰ ਸਥਾਨਕ ਗੁਰਦੁਆਰਾ ਗੁਰੁੂ ਤੇਗ ਬਹਾਦਰ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਵੀ ਇੱਕ ਜਥਾ, ਜਿਸ ’ਚ ਔਰਤਾਂ ਤੇ ਬੱਚੇ ਵੀ ਸ਼ਾਮਲ ਸਨ, ਕਿਸਾਨ ਅੰਦੋਲਨ ‘ਚ ਸ਼ਮੂਲੀਅਤ ਕਰਨ ਵਾਸਤੇ ਦਿੱਲੀ ਲਈ ਰਵਾਨਾ ਹੋਇਆ। ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੋੜੀਂਦੀ ਸਮੱਗਰੀ ਤੋਂ ਇਲਾਵਾ 51000 ਰੁਪਏ ਦੀ ਆਰਥਿਕ ਸਹਾਇਤਾ ਵੀ ਭੇਜੀ ਹੈ। ਇਨ੍ਹਾਂ ਜਥਿਆਂ ਤੋਂ ਇਲਾਵਾ ਸਥਾਨਕ ਗੁਰਦੁਆਰਾ ਹਾਅ-ਦਾ-ਨਾਅਰਾ ਸਾਹਿਬ ਤੋਂ ਵੀ ਇੱਕ ਜਥਾ ਦਿੱਲੀ ਕਿਸਾਨ ਅੰਦੋਲਨ ‘ਚ ਸ਼ਾਮਲ ਹੋਣ ਲਈ ਰਵਾਨਾ ਹੋਇਆ। ਕਮੇਟੀ ਦੇ ਪ੍ਰਧਾਨ ਬਹਾਦਰ ਸਿੰਘ ਨੇ ਦੱਸਿਆ ਕਿ ਜਦੋਂ ਤੱਕ ਇਹ ਕਾਨੂੰਨ ਵਾਪਸ ਨਹੀਂ ਹੁੰਦੇ ਉਦੋਂ ਤੱਕ ਇਸੇ ਤਰ੍ਹਾਂ ਮਾਲੇਰਕੋਟਲਾ ਤੋਂ ਦਿੱਲੀ ਲਈ ਜੱਥੇ ਰਵਾਨਾ ਹੁੰਦੇ ਰਹਿਣਗੇ।
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਇੱਥੋਂ ਨੇੜਲੇ ਪਿੰਡ ਨਦਾਮਪੁਰ ਦੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਇਕਾਈ ਵੱਲੋਂ ਪਿੰਡ ਵਾਸੀਆਂ ਅਤੇ ਬੱਗੂ ਕਮੇਟੀ ਨਦਾਮਪੁਰ ਦੇ ਸਹਿਯੋਗ ਨਾਲ ਦਿੱਲੀ ਕਿਸਾਨ ਅੰਦੋਲਨ ’ਚ ਹਿੱਸਾ ਪਾਉਣ ਲਈ ਖੋਏ ਦੀਆਂ ਪਿੰਨੀਆਂ ਲੈ ਕੇ ਰਵਾਨਾ ਹੋਏ। ਇਸ ਮੌਕੇ ਭਾਕਿਯੂ ਉਗਰਾਹਾਂ ਦੇ ਇਕਾਈ ਪ੍ਰਧਾਨ ਜੋਧਾ ਸਿੰਘ, ਸੀਨੀਅਰ ਮੀਤ ਪਰਧਾਨ ਸ਼ਗਨਦੀਪ ਸਿੰਘ, ਮੀਤ ਪ੍ਰਧਾਨ ਪਰਮਜੀਤ ਸਿੰਘ, ਖਜਾਨਚੀ ਅਮਰੀਕ ਸਿੰਘ , ਗੁਰਦੁਆਰਾ ਕਮੇਟੀ ਨਦਾਮਪੁਰ, ਦਿਲਜੀਤ ਸਿੰਘ ਕੰਧੋਲਾ, ਕੁਲਦੀਪ ਸਿੰਘ ਕੰਧੋਲਾ ਅਤੇ ਬਿੱਕਰ ਸਿੰਘ ਨੇ ਦੱਸਿਆ ਕਿ ਦਿੱਲੀ ਮੋਰਚੇ ਵਿੱਚ ਸ਼ਾਮਲ ਕਿਸਾਨਾਂ ਦੇ ਹੌਸਲੇ ਬੁਲੰਦ ਕਰਨ ਲਈ ਸਮੂਹ ਪਿੰਡ ਵਾਸੀਆਂ ਨੇ ਮਿਲ ਕੇ ਖੋਏ ਦੀਆਂ ਪਿੰਨੀਆਂ ਤਿਆਰ ਕੀਤੀਆਂ ਗਈਆਂ ਹਨ ਅਤੇ ਅੱਜ ਉਹ ਦਿੱਲੀ ਨੂੰ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ।
ਧੂਰੀ (ਪੱਤਰ ਪੇ੍ਰਕ): ਪੈਨਸ਼ਨਰਜ਼ ਐਸੋਸੀਏਸ਼ਨ ਤੇ ਪਾਵਰਕੌਮ ਦੇ ਮੈਂਬਰ ਵੱਲੋਂ ਅੱੱਜ ਸਿੰਘੂ ਬਾਰਡਰ ਦਿੱਲੀ ਵਿਖੇ ਦਿੱਤੇ ਜਾ ਰਹੇ ਧਰਨੇ ਵਿੱਚ ਜੋਗਿੰਦਰ ਸਿੰਘ ਖੁਰਮੀ, ਅਮਰਜੀਤ ਸਿੰਘ ਅਮਨ, ਇੰਦਰਜੀਤ ਸਿੰਘ, ਕੇਹਰ ਸਿੰਘ ਹੋਰ ਮੰਡਲ ਆਗੂਆਂ ਦੀ ਅਗਵਾਈ ਵਿੱਚ ਸ਼ਾਮਲ ਹੋਣ ਲਈ ਧੂਰੀ ਤੋਂ ਰਵਾਨਾ ਹੋਏ। ਮੰਡਲ ਆਗੂਆਂ ਨੇ ਮੰਗ ਕੀਤੀ ਕਿ ਕਿਸਾਨ ਵਿਰੋਧੀ ਤਿੰਨੇ ਕਾਲੇ ਕਾਨੂੰਨ ਰੱਦ ਕੀਤੇ ਜਾਣ।
ਕੁਦਰਤ ਮਨੁੱਖ ਕੇਂਦਰਿਤ ਲੋਕ ਲਹਿਰ ਦਾ ਕਾਫਲਾ ਦਿੱਲੀ ਰਵਾਨਾ
ਲਹਿਰਾਗਾਗਾ (ਪੱਤਰ ਪੇ੍ਰਕ): ਨੇੜਲੇ ਪਿੰਡ ਖਾਈ ਤੋਂ ਕੁਦਰਤ ਮਨੁੱਖ ਕੇਂਦਰਤ ਲੋਕ ਲਹਿਰ ਦੇ ਸੂਬਾਈ ਆਗੂ ਗੁਰਮੇਲ ਸਿੰਘ ਦੀ ਅਗਵਾਈ ’ਚ ਦੋ ਦਰਜਨ ਤੋਂ ਵੱਧ ਕਿਸਾਨ ਅਤੇ ਔਰਤਾਂ ਟਰੈਕਟਰ ਟਰਾਲੀ ਰਾਹੀਂ ਦਿੱਲੀ ਰਵਾਨਾ ਹੋਏ। ਇਸ ਮੌਕੇ ਕਿਸਾਨਾਂ ਤੇ ਔਰਤਾਂ ਨੇ ਮੋਦੀ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਲਹਿਰ ਦੇ ਆਗੂ ਗੁਰਵਿੰਦਰ ਸਿੰਘ, ਸੰਦੀਪ ਸਿੰਘ, ਚਰਨਜੀਤ ਕੌਰ, ਰਣਬੀਰ ਕੌਰ, ਸਤਪਾਲ ਕੌਰ ਆਦਿ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਅੜੀਅਲ ਵਤੀਰੇ ਕਰਕੇ ਕਿਸਾਨੀ ਨੂੰ ਬਰਬਾਦ ਕਰਨ ਲੱਗੀ ਹੈ ਅਤੇ ਪਹਿਲਾਂ ਹੀ ਕਾਰਪੋਰੇਟਰਾਂ ਨੇ ਰਸਾਇਣਕ ਖਾਦਾਂ ਰਾਹੀਂ ਫਸਲ ਨੂੰ ਮਹਿੰਗਾ ਤੇ ਜ਼ਹਿਰੀਲਾ ਕੀਤਾ ਹੈ ਜਿਸ ਲਈ ਉਹ ਖੇਤੀ ਨੂੰ ਬਚਾਉਣ ਅਤੇ ਕੁਦਰਤ ਮਨੁੱਖ ਕੇਂਦਰਤ ਲੋਕ ਲਹਿਰ ਨੂੰ ਫੈਲਾਕੇ ਜਹਿਰ ਰਹਿਤ ਜਿਣਸਾਂ ਦੀ ਕਾਸਤ ਲਈ ਲੋਕਾਂ ਨੂੰ ਜਾਗਰੂਕ ਕਰਨਗੇ।
ਟੌਲ ਪਲਾਜ਼ਿਆਂ ਤੇ ਰਿਲਾਇੰਸ ਪੰਪਾਂ ’ਤੇ ਡਟੇ ਕਿਸਾਨ
ਧੂਰੀ (ਹਰਦੀਪ ਸਿੰਘ ਸੋਢੀ): ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਧੂਰੀ ਦੇ ਲੱਡਾ ਟੌਲ ਪਲਾਜ਼ਾ ਕੋਲ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਦਰਸ਼ਨ ਸਿੰਘ ਕਿਲ੍ਹਾ ਹਕੀਮਾਂ , ਮਾਲੇਰਕੋਟਲਾ ਦੇ ਬਲਾਕ ਆਗੂ ਚਮਕੋਰ ਸਿੰਘ ਹਥਨ ਦੀ ਅਗਵਾਈ ਵਿੱਚ ਲੱਗਾ ਕਿਸਾਨੀ ਧਰਨਾਂ ਅੱਜ 96ਵੇ ਦਿਨ ਵਿੱਚ ਸ਼ਾਮਿਲ ਹੋ ਗਿਆ। ਆਗੂਆਂ ਨੇ ਕਿਹਾ ਸੰਗਰੂਰ ਵਿਖੇ ਭਾਜਪਾ ਆਗੂਆਂ ਦਾ ਵਿਰੋਧ ਕਰ ਰਹੇ ਕਿਸਾਨਾਂ ਉੱਪਰ ਪੁਲੀਸ ਵੱਲੋਂ ਕੀਤੇ ਗਏ ਲਾਠੀਚਾਰਜ ਚਾਰਜ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ। ਇਸ ਮੌਕੇ ਉੱਪਰ ਸੁਖਜੀਤ ਸਿੰਘ ਲੱਡਾ, ਗਮਦੂਰ ਸਿੰਘ ਲੱਡਾ, ਗੁਰਮੀਤ ਕੌਰ ਕੱਕੜਵਾਲ, ਹਰਪਾਲ ਸਿੰਘ ਪੇਧਨੀ, ਬਲਜੀਤ ਕੌਰ,ਮਾਸਟਰ ਅਵਤਾਰ ਸਿੰਘ ਹਾਜ਼ਰ ਸਨ।
ਲਹਿਰਾਗਾਗਾ (ਰਮੇਸ਼ ਭਾਰਦਵਾਜ): ਇਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੇ ਪ੍ਰਧਾਨ ਧਰਮਿੰਦਰ ਸਿੰਘ ਪਸੌਰ ਦੀ ਅਗਵਾਈ ਹੇਠ ਲਹਿਲ ਖੁਰਦ ਪਿੰਡ ਦੇ ਨਾਲ ਲੱਗਦੇ ਰਿਲਾਇੰਸ ਦੇ ਪੈਟਰੋਲ ਪੰਪ ’ਤੇ ਧਰਨਾ 96ਵੇਂ ਦਿਨ ਵੀ ਜਾਰੀ ਰਿਹਾ। ਧਰਨੇ ਨੂੰ ਜਥੇਬੰਦੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਬਹਾਲ ਸਿੰਘ ਢੀਂਡਸਾ, ਧਰਮਿੰਦਰ ਸਿੰਘ ਪਿਸ਼ੋਰ, ਬਹਾਦਰ ਸਿੰਘ ਭੁਟਾਲ ਖੁਰਦ, ਹਰਜਿੰਦਰ ਸਿੰਘ ਨੰਗਲਾ ਜਗਸੀਰ ਸਿੰਘ ਖੰਡੇਬਾਦ, ਬਲਵਿੰਦਰ ਸਿੰਘ ਮਨਿਆਣਾ, ਰਿੰਕੂ ਮੂਣਕ ਨੇ ਸੰਬੋਧਨ ਕੀਤਾ।
ਅਮਰਗੜ੍ਹ (ਜੈਦਕਾ): ਟੌਲ ਪਲਾਜ਼ਾ ਮਾਹੋਰਾਣਾ ਵਿਖੇ ਦਿਤੇ ਜਾ ਰਹੇ ਧਰਨੇ ਦੇ 87ਵੇਂ ਦਿਨ ਕਿਸਾਨਾਂ ਨੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਿਸਾਨ ਆਗੂ ਲਾਲ ਸਿੰਘ ਤੋਲੇਵਾਲ, ਰਾਜਿੰਦਰ ਸਿੰਘ ਸਲਾਰ, ਨਰਿੰਦਰਜੀਤ ਸਿੰਘ ਸਲਾਰ,ਪ੍ਰਧਾਨ ਮਨਜੀਤ ਸਿੰਘ ਭੁੱਲਰਾਂ, ਹਰਬੰਸ ਸਿੰਘ, ਗੁਰਜੰਟ ਸਿੰਘ, ਗੁਰਲੀਨ ਕੌਰ ਲਾਂਗੜੀਆਂਸ ਕੁਲਵੀਰ ਕੌਰ ਬਨਭੌਰਾ ਆਦਿ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਨੀਅਤ ਸਾਫ਼ ਨਹੀਂ। ਵਾਰ ਵਾਰ ਮੀਟਿੰਗਾਂ ਲਈ ਸੱਦਾ ਦੇਣ ਅਤੇ ਕਿਸੇ ਮੰਗ ਨੂੰ ਜਾਣ-ਬੁੱਝ ਕੇ ਲਟਕਾਈ ਜਾਣਾ ਹੀ ਸੰਘਰਸ਼ ਨੂੰ ਲੰਮਾਂ ਕਰਨਾ ਹੁੰਦਾ ਹੈ। ਪਰ ਕਿਸਾਨ ਆਪਣੀਆਂ ਮੰਗਾਂ ਮੰਨਵਾ ਕੇ ਹੀ ਦਮ ਲੈਣਗੇ।