ਗੁਰਦੀਪ ਸਿੰਘ ਲਾਲੀ
ਸੰਗਰੂਰ, 23 ਮਾਰਚ
ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਰੋਸ ਧਰਨਿਆਂ ਦੌਰਾਨ ਕਿਸਾਨ ਜਥੇਬੰਦੀਆਂ ਵਲੋਂ ਅੱਜ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਮਨਾਉਂਦਿਆਂ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ ਅਤੇ ਪੰਜਾਬ ਦੇ ਲੋਕਾਂ ਨੂੰ ਇਨ੍ਹਾਂ ਮਹਾਨ ਯੋਧਿਆਂ ਦੇ ਜੀਵਨ ਅਤੇ ਸ਼ਹਾਦਤਾਂ ਤੋਂ ਸੇਧ ਲੈ ਕੇ ਆਪਣੇ ਹੱਕਾਂ ਲਈ ਸ਼ੁਰੂ ਕੀਤੇ ਸੰਘਰਸ਼ ਨੂੰ ਅੰਜਾਮ ਤੱਕ ਪਹੁੰਚਾਉਣ ਅਤੇ ਕਾਲੇ ਕਾਨੂੰਨ ਰੱਦ ਕਰਾਉਣ ਦਾ ਸੱਦਾ ਦਿੱਤਾ। ਬੁਲਾਰਿਆਂ ਨੇ ਲੋਕ ਹਿਤਾਂ ਨਾਲ ਖਿਲਵਾੜ ਕਰ ਰਹੀਆਂ ਹਕੂਮਤਾਂ ਨੂੰ ਭਾਂਜ ਦੇ ਕੇ ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਦਾ ਹੋਕਾ ਦਿੱਤਾ।
ਇਥੇ ਭਾਜਪਾ ਆਗੂ ਦੇ ਘਰ ਅੱਗੇ ਅਤੇ ਰਿਲਾਇੰਸ ਪੰਪ ਖੇੜੀ ਅੱਗੇ ਭਾਕਿਯੂ ਏਕਤਾ ਉਗਰਾਹਾਂ ਦੇ ਝੰਡੇ ਹੇਠ ਪੱਕੇ ਮੋਰਚਿਆਂ ਵਿਚ ਕਿਸਾਨ ਬੀਬੀਆਂ ਬਸੰਤੀ ਰੰਗ ਦੀਆਂ ਚੁੰਨੀਆਂ ਲੈ ਕੇ ਪੁੱਜੀਆਂ ਅਤੇ ਇਨਕਲਾਬੀ ਨਾਅਰਿਆਂ ਦੀ ਗੂੰਜ ਵਿਚ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਉਧਰ ਰੇਲਵੇ ਸਟੇਸ਼ਨ ਨੇੜੇ ਕਿਸਾਨ ਜਥੇਬੰਦੀਆਂ ਦੇ ਚੱਲ ਰਹੇ ਪੱਕੇ ਮੋਰਚੇ ਦੌਰਾਨ ਵੱਖ-ਵੱਖ ਕਿਸਾਨ ਆਗੂਆਂ ਹਰਮੇਲ ਸਿੰਘ ਮਹਿਰੋਕ, ਨਰਜੰਣ ਸਿੰਘ ਦੋਹਲਾ, ਜਰਨੈਲ ਸਿੰਘ ਜਹਾਂਗੀਰ, ਸੁਖਦੇਵ ਸਿੰਘ ਉਭਾਵਾਲ, ਹਰਜੀਤ ਸਿੰਘ ਮੰਗਵਾਲ, ਸਰਬਜੀਤ ਵੜੈਚ, ਸੁਖਪਾਲ ਕੌਰ ਛਾਜਲੀ, ਗੁਰਬਖਸ਼ੀਸ਼ ਸਿੰਘ, ਸੁਰਜੀਤ ਸਿੰਘ ਭੱਠਲ ਆਦਿ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਰੋਸ ਧਰਨੇ ਨੂੰ ਭਾਕਿਯੂ ਏਕਤਾ ਉਗਰਾਹਾਂ ਦੇ ਆਗੂਆਂ ਸਰੂਪ ਚੰਦ ਕਿਲਾਭਰੀਆਂ, ਗੋਬਿੰਦਰ ਸਿੰਘ ਮੰਗਵਾਲ, ਗੁਰਦੀਪ ਸਿੰਘ ਕੰਮੋਮਾਜਰਾ, ਕਰਮਜੀਤ ਮੰਗਵਾਲ, ਸ਼ਿੰੰਦਰ ਸਿੰਘ ਬਡਰੁੱਖਾਂ, ਰਮਨਦੀਪ ਸਿੰਘ ਲੌਂਗੋਵਾਲ, ਮਿੱਠੂ ਸਿੰਘ ਮਾਣਕ, ਬਲਜੀਤ ਕੌਰ, ਨਾਨਕ ਸਿੰਘ ਥਲੇਸਾਂ, ਸੁਰਜੀਤ ਕੌਰ ਲੌਂਗੋਵਾਲ ਆਦਿ ਨੇ ਸੰਬੋਧਨ ਕੀਤਾ।
ਸ਼ਹੀਦ ਕਿਸਾਨ ਦੇ ਪਰਿਵਾਰ ਨੂੰ ਇੱਕ ਲੱਖ ਦਾ ਚੈੱਕ ਸੌਂਪਿਆ
ਸ਼ੇਰਪੁਰ (ਬੀਰਬਲ ਰਿਸ਼ੀ): ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਦਿੱਲੀ ਸੰਘਰਸ਼ ਦੇ ਅਣਗੌਲੇ ਸ਼ਹੀਦ ਕਿਸਾਨ ਜੋਧ ਸਿੰਘ ਗਰੇਵਾਲ ਸ਼ੇਰਪੁਰ ਦੀ ਧਰਮਪਤਨੀ ਪਰਮਜੀਤ ਕੌਰ ਅਤੇ ਬੇਟੀ ਸਿਮਰਜੀਤ ਕੌਰ ਨੂੰ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਿੱਖ ਬੁੱਧੀਜੀਵੀ ਮੰਚ ਪੰਜਾਬ ਦੇ ਪ੍ਰਧਾਨ ਮਾਸਟਰ ਹਰਬੰਸ ਸਿੰਘ ਸ਼ੇਰਪੁਰ ਦੀਆਂ ਕੋਸ਼ਿਸ਼ਾਂ ਸਦਕਾ ਇੱਕ ਲੱਖ ਦਾ ਚੈੱਕ ਭੇਟ ਕੀਤਾ। ਇੱਥੇ ਭਾਈ ਲੌਂਗੋਵਾਲ ਨੇ ਕਿਹਾ ਕਿ ਦਿੱਲੀ ਦੀਆਂ ਬਰੂਹਾਂ ’ਤੇ ਬੈਠੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ’ਤੇ ਕੇਂਦਰ ਸਰਕਾਰ ਦੀ ਹੱਠਧਰਮੀ ਨਿੰਦਣਯੋਗ ਹੈ ਪਰ ਐਸਜੀਪੀਸੀ ਆਪਣੀ ਬਣਦੀ ਭੂਮਿਕਾ ਨਿਭਾਉਣ ਲਈ ਯਤਨਸ਼ੀਲ ਹੈ। ਕਿਸਾਨ ਦੀ ਧਰਮਪਤਨੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਰਕਾਰ ਵੱਲੋਂ ਕੋਈ ਆਰਥਿਕ ਮੱਦਦ ਨਹੀਂ ਮਿਲੀ ਪਰ ਐਸਜੀਪੀਸੀ ਵੱਲੋਂ ਮਿਲੀ ਇਸ ਰਾਸ਼ੀ ਨਾਲ ਪਰਿਵਾਰ ਨੂੰ ਆਰਥਿਕ ਤੌਰ ’ਤੇ ਰਾਹਤ ਜ਼ਰੂਰ ਮਿਲੇਗੀ।