ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 30 ਦਸੰਬਰ
ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵੱਲੋਂ 19 ਦਸੰਬਰ ਨੂੰ ਕੈਬਨਿਟ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਵੱਲੋਂ ਦਿੱਤੇ ਲਿਖਤੀ ਭਰੋਸੇ ’ਤੇ ਅਮਲ ਨਾ ਹੋਣ ’ਤੇ ਅੱਜ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੀ ਸਥਾਨਕ ਰਿਹਾਇਸ਼ ਦਾ ਘਿਰਾਓ ਕਰਨ ਜਾ ਰਹੀਆਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਪੁਲੀਸ ਨੇ ਬੈਰੀਕੇਡ ਲਾ ਕੇ ਮੰਤਰੀ ਦੀ ਰਿਹਾਇਸ਼ ਤੋਂ ਥੋੜ੍ਹੀ ਦੂਰ ਲਿਸਾੜਾ ਡਰੇਨ ’ਤੇ ਹੀ ਰੋਕ ਲਿਆ। ਇਸ ਮੌਕੇ ਆਂਗਣਵਾੜੀ ਵਰਕਰਾਂ/ਹੈਲਪਰਾਂ ਅਤੇ ਪੁਲੀਸ ਦਰਮਿਆਨ ਥੋੜ੍ਹੀ ਖਿੱਚ-ਧੂਹ ਵੀ ਹੋਈ। ਆਂਗਣਵਾੜੀ ਵਰਕਰਾਂ/ ਹੈਲਪਰਾਂ ਨੇ ਪੁਲੀਸ ਦੀ ਰੋਕਾਂ ਨੇੜੇ ਹੀ ਧਰਨਾ ਦੇ ਕੇ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਕੌਰ ਨੇ ਕਿਹਾ ਕਿ 2017 ਵਿੱਚ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਕਿ 3 ਤੋਂ 6 ਸਾਲ ਦੇ ਬੱਚੇ ਵਾਪਸ ਆਂਗਣਵਾੜੀ ਸੈਂਟਰਾਂ ਨੂੰ ਭੇਜੇ ਜਾਣਗੇ ਪਰ ਅਜੇ ਤੱਕ ਇਹ ਬੱਚੇ ਸੈਂਟਰਾਂ ਵਿੱਚ ਨਹੀਂ ਆਏ। ਉਨ੍ਹਾਂ ਕਿਹਾ ਕਿ ਆਂਗਣਵਾੜੀ ਵਰਕਰਾਂ ਨੂੰ ਹਰਿਆਣਾ ਪੈਟਰਨ ’ਤੇ ਐਨ.ਟੀ.ਟੀ ਦਾ ਦਰਜਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁੱਦਿਆਂ ’ਤੇ ਸਰਕਾਰ ਦੇ ਮੰਤਰੀ ਅਤੇ ਸਰਕਾਰ ਦੇ ਅਧਿਕਾਰੀ ਯੂਨੀਅਨ ਨਾਲ ਵਾਅਦੇ ਕਰ ਕੇ ਮੁਕਰਦੇ ਰਹੇ। ਇਸੇ 19 ਦਸੰਬਰ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਮਾਲੇਰਕੋਟਲਾ ਆਮਦ ਮੌਕੇ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੇ ਰੋਸ ਮੁਜ਼ਾਹਰਾ ਨੂੰ ਦੇਖਦੇ ਹੋਏ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਨੇ ਮੰਗਾਂ ਨੂੰ ਕੈਬਨਿਟ ਵਿੱਚ ਰੱਖ ਕੇ ਪੂਰੀਆਂ ਕਰਨ ਦਾ ਲਿਖਤੀ ਵਿਸ਼ਵਾਸ ਦਿਵਾਇਆ ਸੀ ਪਰ ਕੈਬਨਿਟ ਦੀ ਹੋਈ ਮੀਟਿੰਗ ’ਚ ਯੂਨੀਅਨ ਦੀਆਂ ਮੰਗਾਂ ’ਤੇ ਵਿਚਾਰ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇ ਯੂਨੀਅਨ ਦੀਆਂ ਮੰਗਾਂ ਪ੍ਰਤੀ ਕੋਈ ਹਾਂ ਪੱਖੀ ਹੁੰਗਾਰਾ ਨਾ ਮਿਲਿਆ ਤਾਂ ਮੰਤਰੀ ਦੀ ਰਿਹਾਇਸ਼ ਨੇੜੇ ਦਿਨ ਰਾਤ ਦਾ ਪੱਕਾ ਧਰਨਾ ਸ਼ੁਰੂ ਕੀਤਾ ਜਾਵੇਗਾ। ਪੁਲੀਸ ਪ੍ਰਸ਼ਾਸਨ ਨੇ ਮੰਤਰੀ ਦੀ ਗ਼ੈਰਮੌਜੂਦਗੀ ਕਾਰਨ ਮੰਤਰੀ ਦੇ ਪੀਏ ਦਰਵਾਰਾ ਸਿੰਘ ਨਾਲ ਯੂਨੀਅਨ ਆਗੂਆਂ ਨਾਲ ਬੈਠਕ ਕਰਵਾਈ। ਬੈਠਕ ਵਿੱਚ ਮੰਤਰੀ ਦੇ ਪੀਏ ਨੇ ਮਸਲੇ ਦਾ ਦੋ ਦਿਨ ’ਚ ਹੱਲ ਕਰਨ ਦਾ ਭਰੋਸਾ ਦੇਣ ’ਤੇ ਧਰਨਾਕਾਰੀਆਂ ਨੇ ਧਰਨਾ ਚੁੱਕਿਆ। ਇਸ ਮੌਕੇ ਰੁਪਿੰਦਰ ਕੌਰ, ਜਸਵੀਰ ਕੌਰ, ਸੁਖਪਾਲ ਕੌਰ, ਮੁਮਤਾਜ਼, ਸਰਬਜੀਤ ਕੌਰ, ਸ਼ਬਨਮ, ਸਿਮਰਨ ਕੌਰ, ਸੰਦੀਪ ਕੁਮਾਰੀ ਆਦਿ ਵੀ ਹਾਜ਼ਰ ਸਨ।