ਗੁਰਦੀਪ ਸਿੰਘ ਲਾਲੀ
ਸੰਗਰੂਰ, 6 ਮਈ
ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਦੀ ਅਗਵਾਈ ਹੇਠ ਇਥੇ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਚੱਲ ਰਹੇ ਪੱਕੇ ਮੋਰਚੇ ਦੇ 51ਵੇਂ ਦਿਨ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵਲੋਂ ਪੰਜਾਬ ਸਰਕਾਰ ਨੂੰ ਜਗਾਉਣ ਦੇ ਮੰਤਵ ਨਾਲ ਸ਼ਹਿਰ ਵਿਚ ਜਾਗੋ ਕੱਢੀ ਗਈ। ਰੋਸ ਮਾਰਚ ਦੌਰਾਨ ਜਾਗੋ ਕੱਢਦਿਆਂ ਵਰਕਰਾਂ ਵਲੋਂ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਅਤੇ ਸੜਕਾਂ ’ਤੇ ਰੁਲ੍ਹ ਰਹੀਆਂ ਪੰਜਾਬ ਦੀਆਂ ਧੀਆਂ-ਭੈਣਾਂ ਦੀ ਸਾਰ ਲੈਣ ਦੀ ਮੰਗ ਕੀਤੀ। ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਯੂਨੀਅਨ ਦੀ ਸੂਬਾ ਜਨਰਲ ਸਕੱਤਰ ਸੁਭਾਸ਼ ਰਾਣੀ ਦੀ ਅਗਵਾਈ ਹੇਠ ਪੱਕੇ ਮੋਰਚੇ ਦੇ ਸਥਾਨ ’ਤੇ ਇਕੱਠੀਆਂ ਹੋਈਆਂ ਜਿਥੋਂ ਰੋਸ ਮਾਰਚ ਦੌਰਾਨ ਜਾਗੋ ਕੱਢਦਿਆਂ ਸ਼ਹਿਰ ਦੇ ਬਾਜ਼ਾਰ ’ਚ ਪੁੱਜੀਆਂ। ਇਸ ਮੌਕੇ ਸੂਬਾ ਵਿੱਤ ਸਕੱਤਰ ਅੰਮ੍ਰਿਤ ਪਾਲ ਕੌਰ ਅਤੇ ਮੀਤ ਪ੍ਰਧਾਨ ਗੁਰਮੇਲ ਕੌਰ ਨੇ ਕਿਹਾ ਕਿ ਆਂਗਣਵਾੜੀ ਕੇਂਦਰ ਦੀਆਂ ਰੌਣਕਾਂ ਵਾਪਿਸ ਕਰਾਉਣ ਅਤੇ 27/11/2017 ਦੇ ਫ਼ੈਸਲੇ ਉਤੇ ਮੁੜ ਸਰਕਾਰ ਨੂੰ ਵਿਚਾਰ ਕਰਨ ’ਤੇ ਸਰਕਾਰ ਨੂੰ ਜਗਾਉਣ ਲਈ ਜਾਗੋ ਕੱਢੀ ਗਈ ਹੈ ਕਿਉਂਕਿ ਪਿਛਲੇ 51 ਦਿਨਾਂ ਤੋਂ ਵਰਕਰਾਂ ਤੇ ਹੈਲਪਰਾਂ ਇਥੇ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਪੱਕੇ ਮੋਰਚੇ ’ਤੇ ਬੈਠੀਆਂ ਹਨ। ਉਨ੍ਹਾਂ ਕਿਹਾ ਕਿ 21 ਸਤੰਬਰ 2017 ਨੂੰ ਪੰਜਾਬ ਸਰਕਾਰ ਵਲੋਂ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਪ੍ਰੀ ਪ੍ਰਾਇਮਰੀ ਜਮਾਤਾਂ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਸੀ, ਜਿਸ ਤਹਿਤ 3 ਤੋਂ 6 ਸਾਲ ਦੇ ਬੱਚਿਆਂ ਨੂੰ ਸਕੂਲਾਂ ਵਿਚ ਦਾਖਲ ਕਰਨ ਦੇ ਆਦੇਸ਼ ਦਿੱਤੇ ਗਏ। ਇਸ ਫੈਸਲੇ ਖ਼ਿਲਾਫ਼ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਲਗਾਤਾਰ ਸੰਘਰਸ਼ ਕੀਤਾ ਗਿਆ। ਇਸ ਸੰਘਰਸ਼ ਸਦਕਾ ਪੰਜਾਬ ਸਰਕਾਰ ਵਲੋਂ ਆਪਣੇ ਫੈਸਲੇ ’ਤੇ ਮੁੜ ਵਿਚਾਰ ਕਰਕੇ ਫੈਸਲੇ ਵਿਚ ਬਦਲਾਅ ਕੀਤਾ ਗਿਆ। 26-11-2017 ਨੂੰ ਪ੍ਰੀ ਪ੍ਰਾਇਮਰੀ ਜਮਾਤਾਂ ਨੂੰ ਸਾਂਝੇ ਤੌਰ ’ਤੇ ਚਲਾਉਣ ਦਾ ਫੈਸਲਾ ਕੀਤਾ ਗਿਆ ਪਰ ਤਿੰਨ ਸਾਲ ਬੀਤਣ ਦੇ ਬਾਵਜੂਦ ਸਰਕਾਰ ਨੇ ਆਪਣਾ ਫੈਸਲਾ ਲਾਗੂ ਨਹੀਂ ਕੀਤਾ। ਇਸ ਮੌਕੇ ਸਰਬਜੀਤ ਕੌਰ, ਮਨਦੀਪ ਕੁਮਾਰੀ, ਬਲਜੀਤ ਕੌਰ ਸੇਖਾ, ਬਲਜੀਤ ਕੌਰ ਰਾਏਕੋਟ ਅਤੇ ਸੁਖਪਾਲ ਕੌਰ ਨੇ ਵੀ ਸੰਬੋਧਨ ਕੀਤਾ।