ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 19 ਨਵੰਬਰ
ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਮਾਲਵਾ ਖੇਤਰ ਦੇ 11 ਜ਼ਿਲ੍ਹਿਆਂ ਦੀ ਕਨਵੈਨਸ਼ਨ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ ਦੀ ਅਗਵਾਈ ਹੇਠ ਸਥਾਨਕ ਨੈਣਾ ਦੇਵੀ ਮੰਦਰ ਹਾਲ ਵਿੱਚ ਹੋਈ, ਜਿਸ ਵਿੱਚ ਆਲ ਇੰਡੀਆ ਫੈਡਰੇਸ਼ਨ ਆਫ਼ ਆਂਗਣਵਾੜੀ ਵਰਕਰਜ਼ ਐਂਡ ਹੈਲਪਰ ਦੀ ਕੌਮੀ ਪ੍ਰਧਾਨ ਸ੍ਰੀਮਤੀ ਊਸ਼ਾ ਰਾਣੀ ਵੀ ਸ਼ਾਮਲ ਹੋਏ।
ਕਨਵੈਨਸ਼ਨ ਵਿਚ ਬਠਿੰਡਾ, ਮਾਨਸਾ, ਬਰਨਾਲਾ, ਸੰਗਰੂਰ, ਲੁਧਿਆਣਾ, ਪਟਿਆਲਾ, ਮੋਹਾਲੀ, ਫਤਹਿਗੜ੍ਹ ਸਾਹਿਬ, ਰੋਪੜ , ਮੁਕਤਸਰ ਸਾਹਿਬ ਅਤੇ ਮੋਗਾ ਜ਼ਿਲ੍ਹਿਆਂ ਨਾਲ ਸਬੰਧਤ ਵਰਕਰਾਂ ਨੇ ਭਾਗ ਲਿਆ। ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਕੌਮੀ ਪ੍ਰਧਾਨ ਸ੍ਰੀਮਤੀ ਊਸ਼ਾ ਰਾਣੀ ਨੇ ਕਿਹਾ ਕਿ ਪੈਨਸ਼ਨ ਅਤੇ ਗਰੈਚੂਟੀ ਲੈਣ ਲਈ, ਐਡਵਾਈਜ਼ਰ ਬੋਰਡ ਤੇ ਚਾਈਲਡ ਵੈੱਲਫੇਅਰ ਅਧੀਨ ਚਲਦੇ ਆਂਗਣਵਾੜੀ ਕੇਂਦਰਾਂ ਨੂੰ ਮੁੜ ਵਾਪਸ ਵਿਭਾਗ ਵਿੱਚ ਲਿਆਉਣ ਆਦਿ ਮੰਗਾਂ ਨੂੰ ਲੈ ਕੇ 26 ਨਵੰਬਰ ਨੂੰ ਮੁਲਾਜ਼ਮ ਤੇ ਮਜ਼ਦੂਰਾਂ ਦੀ ਦੇਸ਼ ਵਿਆਪੀ ਹੜਤਾਲ ਨੂੰ ਸਫ਼ਲ ਬਣਾਉਣ ਲਈ ਜ਼ੋਰਦਾਰ ਤਿਆਰੀਆਂ ਵਿੱਢੀਆਂ ਹੋਈਆਂ ਹਨ। ਇਸ ਹੜਤਾਲ ਨੂੰ ਸਫ਼ਲ ਬਣਾਉਂਦਿਆਂ ਆਂਗਣਵਾੜੀ ਵਰਕਰਾਂ ਵਲੋਂ ਜ਼ਿਲ੍ਹਾ ਹੈਡਕੁਆਰਟਰਾਂ ’ਤੇ ਰੋਸ ਪ੍ਰਦਰਸ਼ਨ ਕਰਦਿਆਂ ਵੱਡੀ ਤਾਦਾਦ ਵਿੱਚ ਗ੍ਰਿਫ਼ਤਾਰੀਆਂ ਦਿੱਤੀਆਂ ਜਾਣਗੀਆਂ। ਸੂਬਾ ਸੀਟੂ ਜਨਰਲ ਸਕੱਤਰ ਕਾ: ਰਘੁਨਾਥ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਕਿਸਾਨ-ਮਜ਼ਦੂਰਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਗੁਲਾਮ ਬਣਾਉਣ ਦੇ ਨਵੇਂ ਨਵੇਂ ਮਨਸੂਬੇ ਘੜੇ ਜਾ ਰਹੇ ਹਨ। ਕਨਵੈਨਸ਼ਨ ਨੂੰ ਯੂਨੀਅਨ ਦੀ ਸੂਬਾ ਜਨਰਲ ਸਕੱਤਰ ਸੁਭਾਸ਼ ਰਾਣੀ ਅਤੇ ਸੂਬਾ ਵਿੱਤ ਸਕੱਤਰ ਅੰਮ੍ਰਿਤਪਾਲ ਕੌਰ ਨੇ ਵੀ ਸੰਬੋਧਨ ਕੀਤਾ। ਕਨਵੈਨਸ਼ਨ ਵਿੱਚ ਮੀਤ ਪ੍ਰਧਾਨ ਬਲਰਾਜ ਕੌਰ, ਗੁਰਮੇਲ ਕੌਰ, ਗੁਰਮੀਤ ਕੌਰ, ਸਿੰਦਰ ਕੌਰ ਬੜੀ, ਗੁਰਪ੍ਰੀਤ ਕੌਰ, ਗੁਰਦੀਪ ਕੌਰ ਜੁਆਇੰਟ ਸਕੱਤਰ, ਜਸਵਿੰਦਰ ਕੌਰ ਸਕੱਤਰ, ਸੁਰਜੀਤ ਕੌਰ, ਭਿੰਦਰ ਕੌਰ ਗੌਸ਼ਲ ਆਦਿ ਸ਼ਾਮਲ ਸਨ।