ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 8 ਜੁਲਾਈ
ਮੁੰਡੇ ਵਾਲਿਆਂ ਦੇ ਲੱਖਾਂ ਰੁਪਏ ਖਰਚ ਕਰਵਾ ਕੇ ਵਿਦੇਸ਼ੀ ਧਰਤੀ ’ਤੇ ਪੈਰ ਧਰਦਿਆਂ ਹੀ ਮੂੰਹ ਫੇਰ ਜਾਣ ਵਾਲੀਆਂ ਕੁੜੀਆਂ ਅਤੇ ਕੁੜੀ ਵਾਲਿਆਂ ਤੋਂ ਲੱਖਾਂ ਰੁਪਏ ਖਰਚ ਕਰਵਾ ਕੇ ਜਹਾਜ਼ ਚੜ੍ਹਨ ਮਗਰੋਂ ਅੱਖਾਂ ਫੇਰ ਜਾਣ ਵਾਲੇ ਮੁੰਡਿਆਂ ਤੋਂ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਜਥੇਬੰਦੀ ‘ਸਾਕਾ’ (ਸੰਗਰੂਰ ਐਬਰੌਡ ਕੰਸਲਟੈਂਟਸ ਐਸੋਸੀਏਸ਼ਨ) ਅੱਗੇ ਆਈ ਹੈ ਜਿਸਨੇ ਵਿਦੇਸ਼ਾਂ ’ਚ ਵਿਆਹ ਨੂੰ ਲੈ ਕੇ ਹੋਈ ਧੋਖਾਧੜੀ ਦੇ ਪੀੜਤਾਂ ਦੀ ਹਰ ਪੱਖੋਂ ਮੱਦਦ ਕਰਨ ਅਤੇ ਅਜਿਹੀ ਧੋਖਾਧੜੀ ਤੋਂ ਬਚਣ ਲਈ ਮੁੰਡੇ-ਕੁੜੀਆਂ ਅਤੇ ਲੋਕਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਜ਼ਿਲ੍ਹਾ ਸੰਗਰੂਰ ਦੇ ਆਈਲੈਟਸ ਕੋਚਿੰਗ ਸੈਂਟਰਾਂ ਦੀ ਬਣਾਈ ਜਥੇਬੰਦੀ ‘ਸਾਕਾ’ ਵਲੋਂ ਬੁਲਾਈ ਪ੍ਰੈੱਸ ਕਾਨਫਰੰਸ ਦੌਰਾਨ ਪ੍ਰਧਾਨ ਅਮਿਤ ਅਲੀਸ਼ੇਰ ਅਤੇ ਕੋਰ ਕਮੇਟੀ ਮੈਂਬਰ ਪੰਕਜ ਸੇਠੀ ਨੇ ਕਿਹਾ ਕਿ ਸੰਸਥਾ ਵਲੋਂ ਵਿਦੇਸ਼ਾਂ ਵਿਚ ਵਿਆਹ ਤੇ ਹੋਰ ਮਾਮਲਿਆਂ ਵਿਚ ਠੱਗੀ ਦਾ ਸ਼ਿਕਾਰ ਵਿਅਕਤੀਆਂ ਦੀ ਮੱਦਦ ਕਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਸੰਸਥਾ ਨੇ ਲੋਕ ਭਲਾਈ ਦੇ ਉਦੇਸ਼ ਨੂੰ ਮੁੱਖ ਰੱਖਦਿਆਂ ਪੀੜਤ ਲੋਕਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ। ਉਹ ਮੱਦਦ ਚਾਹੇ ਭਾਰਤ ਵਿੱਚ ਹੋਵੇ ਜਾਂ ਬਾਹਰਲੇ ਦੇਸ਼ਾਂ ਵਿੱਚ ਹੋਣ। ਇਸ ਤੋਂ ਇਲਾਵਾ ‘ਸਾਕਾ’ ਵੱਲੋਂ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਵਿਆਹ ਕਰਵਾ ਕੇ ਵਿਦੇਸ਼ ਗਏ ਲੜਕੇ ਜਾਂ ਲੜਕੀ ਨੂੰ ਉਦੋਂ ਤੱਕ ਪੀ.ਆਰ. ਨਹੀਂ ਮਿਲ ਸਕਦੀ ਜਦੋਂ ਤੱਕ ਉਹਨ੍ਹਾਂ ਨੂੰ ਭਾਰਤ ਵਲੋਂ ਐਨ.ਓ.ਸੀ. ਨਹੀਂ ਮਿਲ ਜਾਂਦੀ। ਇਸ ਮੌਕੇ ਸੁਖਵਿੰਦਰ ਸਿੰਘ ਤਹਿਦਿਲ, ਅਭੈ ਗਰੇਵਾਲ, ਗੈਰੀ ਸਿੰਘ, ਸਾਹਿਲ ਰਣਜੀਤ ਸਿੰਘ ਮੌਜੂਦ ਸਨ।