ਬੀਰਬਲ ਰਿਸ਼ੀ
ਸ਼ੇਰਪੁਰ, 1 ਜੁਲਾਈ
ਉੱਚ ਅਧਿਕਾਰੀਆਂ ਦੇ ਜ਼ੁਬਾਨੀ ਹੁਕਮਾਂ ਦੇ ਮੱਦੇਨਜ਼ਰ ਕੋਆਪਰੇਟਿਵ ਸੁਸਾਇਟੀਆਂ ਦੇ ਮੈਂਬਰ ਕਿਸਾਨਾਂ ਦੀਆਂ ਸਰਕਾਰੀ ਸਹੂਲਤਾਂ ’ਤੇ ਕੱਟ ਲਗਾਏ ਜਾਣ ਦੀਆਂ ਕਥਿਤ ਆਪ-ਹੁਦਰੀਆਂ ਖ਼ਿਲਾਫ਼ ਕਿਸਾਨਾਂ ਨੇ 6 ਜੁਲਾਈ ਨੂੰ ਕੋਆਪਰੇਟਿਵ ਬੈਂਕ ਕਾਤਰੋਂ ਅੱਗੇ ਪੱਕਾ ਧਰਨਾ ਲਗਾਉਣ ਦਾ ਐਲਾਨ ਕਰ ਦਿੱਤਾ ਹੈ। ਇਹ ਐਲਾਨ ਅੱਜ ਗੁਰਦੁਆਰਾ ਬਾਬਾ ਅਜੀਤ ਸਿੰਘ ਬਾਬਾ ਜੂਝਾਰ ਸਿੰਘ ਘਨੌਰੀ ਕਲਾਂ ਵਿੱਚ ਕੋਆਪਰੇਟਿਵ ਸੁਸਾਇਟੀ ਘਨੌਰੀ ਖੁਰਦ ਨਾਲ ਸਬੰਧਤ ਕਿਸਾਨਾਂ ਦੀ ਇੱਕ ਭਰਵੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਲੋਕ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਬਜੀਤ ਸਿੰਘ ਅਲਾਲ ਨੇ ਕੀਤਾ। ਮੀਟਿੰਗ ’ਚ ਸ਼ੁਮਾਰ ਬਹੁਤੇ ਕਿਸਾਨਾਂ ਨੇ ਕੋਆਪਰੇਟਿਵ ਵਿਭਾਗ ਦੇ ਕਿਸਾਨ ਵਿਰੋਧੀ ਕੰਮਾਂ ਖ਼ਿਲਾਫ਼ ਵੱਡੀ ਪੱਧਰ ’ਤੇ ਸ਼ਿਕਾਇਤਾਂ ਦਰਜ ਕਰਵਾਈਆਂ। ਮਾਰਕੀਟ ਕਮੇਟੀ ਸ਼ੇਰਪੁਰ ਦੇ ਸਾਬਕਾ ਚੇਅਰਮੈਨ ਇੰਦਰਜੀਤ ਸਿੰਘ ਘਨੌਰੀ, ਮਾਸਟਰ ਕੁਲਵੰਤ ਸਿੰਘ, ਜਗਪਾਲ ਰਿਸ਼ੀ, ਮੇਘ ਰਾਜ ਅਤੇ ਸਾਬਕਾ ਫੌਜੀ ਗਿਆਨ ਚੰਦ ਨੇ ਲੰਬੇ ਸਮੇਂ ਤੋਂ ਸੁਸਾਇਟੀ ਦੇ ਮੈਂਬਰ ਹੋਣ ਦੇ ਬਾਵਜੂਦ ਬੈਂਕ ਖਾਤੇ ਨਾ ਖੋਲ੍ਹਣ ਦੇ ਦੋਸ਼ ਲਗਾਏ। ਕੋਆਪਰੇਟਿਵ ਸੁਸਾਇਟੀ ਘਨੌਰੀ ਖੁਰਦ ਦੇ ਮੀਤ ਪ੍ਰਧਾਨ ਪ੍ਰਗਟ ਸਿੰਘ ਸਮੇਤ ਚਾਰ ਮੈਂਬਰਾਂ ਨੇ ਕਿਹਾ ਕਿ ਪਿਛਲੇ 1 ਸਾਲ ਤੋਂ ਏਆਰ ਨੇ ਸੁਸਾਇਟੀ ਦੇ ਮੈਂਬਰਾਂ ਦੀ ਮੀਟਿੰਗ ਤੱਕ ਨਹੀਂ ਕਰਵਾਈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਅਲਾਲ ਨੇ ਦਾਅਵਾ ਕੀਤਾ ਕਿ ਕਿਸਾਨੀ ਦੇ ਭਲੇ ਲਈ ਬਹੁਤ ਘੱਟ ਵਿਆਜ ’ਤੇ ਸਰਕਾਰ ਵੱਲੋਂ ਵੱਖ-ਵੱਖ ਸੁਸਾਇਟੀਆਂ ਦੀਆਂ ਮਨਜ਼ੂਰਸ਼ੁਦਾ ਲਿਮਟਾਂ ’ਚੋਂ ਬਹੁਤੀਆਂ ਸੁਸਾਇਟੀਆਂ ’ਚ ਮਹਿਜ 60 ਪ੍ਰਤੀਸ਼ਤ ਤੋਂ ਘੱਟ ਰੁਪਏ ਦੀ ਵਰਤੋਂ ਕਰਨ ਦੀਆਂ ਜ਼ੁਬਾਨੀ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ। ਉਲਟਾ ਕਿਸਾਨਾਂ ਲਈ ਆਈ ਕਰੋੜਾਂ ਦੀ ਰਾਸ਼ੀ ਖੇਤੀਵਾੜੀ ਦੇ ਸੰਦਾਂ ਜਾਂ ਵੱਖ-ਵੱਖ ਵਹੀਕਲਾਂ ਦੇ ਐਮਟੀ ਲੋਨ ਲਈ 11 ਤੋਂ 13 ਪ੍ਰਤੀਸ਼ਤ ਵਿਆਜ ’ਤੇ ਦੇ ਕੇ ਲੱਖਾਂ ਰੁਪਏ ਕਿਸਾਨਾਂ ਤੋਂ ਵਿਆਜ ਲਿਆ ਜਾਂਦਾ ਹੈ। ਸ੍ਰੀ ਅਲਾਲ ਨੇ ਨਾਇਬ ਤਹਿਸੀਲਦਾਰ ਸ਼ੇਰਪੁਰ ਨੂੰ ਫੋਨ ਸੰਦੇਸ਼ ਰਾਹੀਂ ਸਪਸ਼ਟ ਕੀਤਾ ਕਿ 6 ਦਾ ਪੱਕਾ ਧਰਨਾ ਕੋਆਪਰੇਟਿਵ ਬੈਂਕ ਕਾਤਰੋਂ ਅੱਗੇ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਜ਼ਿਲ੍ਹਾ ਮੈਨੇਜਰ ਤੇ ਹੋਰ ਅਧਿਕਾਰੀ ਕਿਸਾਨਾਂ ’ਚ ਆ ਕੇ ਆਪਣਾ ਲਿਖਤੀ ਤੌਰ ’ਤੇ ਪੱਖ ਸਪਸ਼ਟ ਨਹੀਂ ਕਰਦੇ। ਸੁਸਾਇਟੀ ਦੇ ਸੈਕਟਰੀ ਗੁਰਮੀਤ ਸਿੰਘ ਕਾਲਾ ਨੂੰ ਨਾਲ ਲਿਜਾ ਕੇ ਲੋਕਾਂ ਦੇ ਮਸਲਿਆਂ ਸਬੰਧੀ ਤਿਆਰ ਲਿਸ਼ਟ ਬੈਂਕ ਮੈਨੇਜਰ ਕਾਤਰੋਂ ਅੱਗੇ ਰੱਖੀ ਗਈ। ਪੱਖ ਜਾਨਣ ਲਈ ਕੋਆਪਰੇਟਿਵ ਬੈਂਕਾਂ ਦੇ ਜ਼ਿਲ੍ਹਾ ਮੈਨੇਜਰ, ਏਐਮਡੀ ਤੇ ਏਆਰ ਨਾਲ ਮੋਬਾਈਲ ਰਾਹੀਂ ਵਾਰ-ਵਾਰ ਸੰਪਰਕ ਕੀਤਾ ਪਰ ਉਨ੍ਹਾਂ ਫੋਨ ਚੁੱਕਣਾ ਮੁਨਾਸਬਿ ਨਹੀਂ ਸਮਝਿਆ।