ਬੀਰਬਲ ਰਿਸ਼ੀ
ਸ਼ੇਰਪੁਰ, 11 ਅਗਸਤ
ਪੱਤੀ ਖਲੀਲ ਨਾਲ ਸਬੰਧਤ ਨਾਮਵਰ ਟਰਾਂਸਪੋਰਟਰ ਬੰਤ ਸਿੰਘ ਬੁੱਟਰ ਅੱਜ ਸਵੇਰ ਸਮੇਂ ਸ਼ੇਰਪੁਰ ਦੀ ਦਾਣਾ ਮੰਡੀ ’ਚ ਪਾਣੀ ਵਾਲੀ ਟੈਂਕੀ ’ਤੇ ਜਾ ਚੜਿ੍ਹਆ। ਉਸ ਨੇ ਆਪਣੀ ਪਤਨੀ ਤੇ ਪਤਨੀ ਦੇ ਇੱਕ ਮਿੱਤਰ ’ਤੇ ਗੰਭੀਰ ਦੋਸ਼ ਲਾਉਂਦਿਆਂ ਸਾਰੇ ਸਬੂਤ ਹੋਣ ਦੇ ਬਾਵਜੂਦ ਕੁਝ ਅਧਿਕਾਰੀਆਂ ਵੱਲੋਂ ਮਾਮਲੇ ਨੂੰ ਵੱਟੇ ਖਾਤੇ ਪਾਉਣ ਲਈ ਜ਼ਿੰਮੇਵਾਰ ਠਹਿਰਾਇਆ।
ਟੈਂਕੀ ’ਤੇ ਚੜਿ੍ਹਆ ਬੰਤ ਸਿੰਘ ਬੁੱਟਰ ਮੌਕੇ ’ਤੇ ਪੁੱਜੇ ਐਸਐਚਓ ਬਲਵੰਤ ਸਿੰਘ ਨੂੰ ਉੱਪਰੋਂ ਹੀ ਆਪਣੀ ਹੱਡਬੀਤੀ ਸੁਣਾਉਣ ਵੇਲੇ ਹੋ ਰਹੀ ਕਥਿਤ ਬੇਇਨਸਾਫ਼ੀ ਕਾਰਨ ਰੋਣ ਲੱਗ ਪਿਆ। ਉਸ ਨੇ ਦੱਸਿਆ ਕਿ ਉਸ ਕੋਲ ਤਕਰੀਬਨ ਅੱਠ ਬੱਸਾਂ ਸਨ ਪਰ ਅੱਜ ਉਸ ਕੋਲ ਇੱਕ ਮਿੰਨੀ ਬੱਸ ਹੈ ਅਤੇ ਉਹ ਖੋਖੇ ’ਤੇ ਛੋਟੀ ਜਿਹੀ ਦੁਕਾਨ ਕਰਕੇ ਦਿਨ ਕਟੀ ਕਰ ਰਿਹਾ ਹੈ। ਉਸ ਨੇ ਆਪਣੇ ਬੈਂਕ ਖਾਤੇ ’ਚੋਂ ਨਿੱਕਲੇ ਲੱਖਾਂ ਰੁਪਏ, ਵਿਕੀਆਂ ਬੱਸਾਂ, ਬਰਬਾਦ ਹੋਏ ਘਰ ਦੀ ਵਿੱਥਿਆ ਸੁਣਾਉਂਦਿਆਂ ਦੱਸਿਆ ਕਿ ਇਨਸਾਫ਼ ਲੈਣ ਲਈ ਉਹ ਕਈ ਸਾਲਾਂ ਤੋਂ ਸਬੂਤ ਇਕੱਠੇ ਕਰਕੇ ਝੋਲੇ ਭਰੀ ਫਿਰਦਾ ਹੈ ਪਰ ਵਿਜੀਲੈਂਸ ਵਿਭਾਗ ਤੋਂ ਮੁੱਖ ਮੰਤਰੀ ਤੱਕ ਅਨੇਕਾ ਲਿਖੀਆਂ ਦਰਖਾਸਤਾਂ ’ਚੋਂ ਇੱਕ ਦੀ ਵੀ ਸੁਣਵਾਈ ਨਹੀਂ ਹੋਈ। ਉਲਟਾ ਕਈਂ ਥਾਈਂ ਉਸ ਨੂੰ ਹੀ ਜ਼ਲੀਲ ਕੀਤਾ ਗਿਆ। ਬਾਅਦ ਦੁਪਹਿਰ ਨਾਇਬ ਤਹਿਸੀਲਦਾਰ ਹਰਮੰਦਰ ਸਿੰਘ ਨੇ ਕਾਰਵਾਈ ਦਾ ਭਰੋਸਾ ਦੇ ਕੇ ਉਸ ਨੂੰ ਟੈਂਕੀ ਤੋਂ ਉਤਾਰ ਲਿਆ ਪਰ ਉਸ ਵੱਲੋ ਵਾਇਰਲ ਕੀਤੀ ਆਡੀਓ ਵਿੱਚ ਉਸ ਨੇ ਇਨਸਾਫ਼ ਨਾ ਮਿਲਣ ’ਤੇ ਆਜ਼ਾਦੀ ਦਿਹਾੜੇ ਵਾਲੇ ਦਿਨ ਆਪਣੀ ਜੀਵਨ ਲੀਲ੍ਹਾ ਸਮਾਪਤ ਕਰਨ ਦਾ ਐਲਾਨ ਕੀਤਾ। ਐੱਸਐੱਚਓ ਬਲਵੰਤ ਸਿੰਘ ਨੇ ਦੱਸਿਆ ਕਿ ਬੰਤ ਸਿੰਘ ਨੂੰ ਸ਼ੇਰਪੁਰ ਪੁਲੀਸ ਤੋਂ ਕੋਈ ਸਮੱਸਿਆ ਨਹੀਂ ਸਗੋਂ ਸਿੱਖਿਆ ਵਿਭਾਗ ਨਾਲ ਗਿਲਾ ਹੈ ਪਰ ਨਾਇਬ ਤਹਿਸੀਲਦਾਰ ਨੇ ਉਨ੍ਹਾਂ ਦੀ ਮੰਗ ਸਬੰਧੀ ਪੱਤਰ ਲਿਖਕੇ ਡਿਪਟੀ ਕਮਿਸ਼ਨਰ ਰਾਹੀਂ ਸਿੱਖਿਆ ਸਕੱਤਰ ਨੂੰ ਭੇਜਣ ਦਾ ਭਰੋਸਾ ਦਿੱਤਾ ਹੈ।