ਪੱਤਰ ਪ੍ਰੇਰਕ
ਲਹਿਰਾਗਾਗਾ, 25 ਅਪਰੈਲ
ਸ਼ਹੀਦ ਉਧਮ ਸਿੰਘ ਸਕੂਲ ਵੈਨ ਐਸੋਸੀਏਸ਼ਨ ਲਹਿਰਾਗਾਗਾ ਦਾ ਕਹਿਣਾ ਹੈ ਕਿ ਪੰਜਾਬ ’ਚ ਬੰਦ ਪਏ ਸਕੂਲਾਂ ਕਾਰਨ ਸਕੂਲਾਂ ਦੇ ਵੈਨ ਮਾਲਕਾਂ, ਡਰਾਈਵਰਾਂ ਅਤੇ ਕੰਡਕਟਰਾਂ ਨੂੰ ਲਗਾਤਾਰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਥੇਬੰਦੀ ਦੇ ਪ੍ਰਧਾਨ ਸਤਨਾਮ ਸਿੰਘ ਚੋਟੀਆਂ, ਸਕੱਤਰ ਰਣਧੀਰ ਸਿੰਘ ਮਾਨ, ਵੈਨ ਚਾਲਕਾਂ ਦੇ ਪ੍ਰਧਾਨ ਹਰਵਿੰਦਰ ਸਿੰਘ ਪੂਨੀਆ ਬਰੇਟਾ ਆਦਿ ਨੇ ਦੱਸਿਆ ਕਿ ਪਿਛਲੇ ਲੌਕਡਾਊਨ ਸਮੇਂ ਵੈਨ ਮਾਲਕਾਂ ਨੂੰ ਸਿਰਫ ਟੈਕਸ ’ਚ ਛੋਟ ਦਿੱਤੀ ਸੀ, ਉਥੇ ਫਾਇਨਾਂਸ ਕੰਪਨੀਆਂ ਅਤੇ ਬੈਂਕਾਂ ਨੇ ਬਣਦੀ ਕਿਸਤਾਂ ਸ਼ਰਤਾਂ ਦੇ ਆਧਾਰ ’ਤੇ ਅੱਗੇ ਪਾਈਆਂ ਸਨ। ਹੁਣ ਦੁਬਾਰਾ ਸਕੂਲ ਬੰਦ ਕਰਨ ਕਰਕੇ ਪਰਿਵਾਰਾਂ ਕੋਲ ਰੁਜ਼ਗਾਰ ਦੇ ਸਾਧਨ ਨਹੀਂ ਹਨ। ਫਾਇਨਾਂਸ ਕੰਪਨੀਆਂ ਅਤੇ ਬੈਂਕਾਂ ਉਨ੍ਹਾਂ ਨੂੰ ਨੋਟਿਸ ਕੱਢ ਕੇ ਕਿਸ਼ਤਾਂ ਭਰਨ ਦੀਆਂ ਧਮਕੀਆਂ ’ਤੇ ਗੱਡੀਆਂ ਖੋਹਣ ਦੀ ਗੱਲ ਆਖਦੇ ਹਨ। ਪੰਜਾਬ ਸਰਕਾਰ ਨੇ ਵੀ ਸਕੂਲਾਂ ਨਾਲ ਜੁੜੀ ਟਰਾਂਸਪੋਰਟਰਾਂ ਦੀ ਬਾਂਹ ਨਹੀਂ ਫੜੀ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਫਾਈਨਾਂਸ ਕੰਪਨੀਆਂ ਅਤੇ ਬੈਂਕਾਂ ’ਤੇ ਤੰਗ ਪ੍ਰੇਸ਼ਾਨ ਨਾ ਕਰਦੇ ਹੋਏ ਮਿਆਦ ਅੱਗੇ ਵਧਾਈ ਜਾਵੇ। ਉਨ੍ਹਾਂ ਕਿਹਾ ਕਿ ਸਕੂਲ ਵੈਨ ਡਰਾਈਵਰਾਂ/ਕੰਡਕਟਰਾਂ ਦੇ ਖਾਤੇ ’ਚ ਆਰਥਿਕ ਮਦਦ ਦੇਣ ਨਹੀਂ ਉਹ ਸੰਘਰਸ਼ ਲਈ ਮਜਬੂਰ ਹੋਣਗੇ।