ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 28 ਫਰਵਰੀ
ਇਥੇ ਰਿਲਾਇੰਸ ਦੇ ਟਰੈਂਡਜ਼ ਮਾਲ ਅੱਗੇ ਪਿਛਲੇ ਲੰਬੇ ਸਮੇਂ ਤੋਂ ਡਟੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਆਗੂਆਂ ਗੋਬਿੰਦ ਸਿੰਘ ਚੱਠਾ, ਮਹਿੰਦਰ ਸਿੰਘ ਨਮੋਲ, ਗੁਰਭਗਤ ਸਿੰਘ ਸ਼ਾਹਪੁਰ ਅਤੇ ਰਾਮਪਾਲ ਸਿੰਘ ਉਗਰਾਹਾਂ ਨੇ ਕਿਹਾ ਕਿ ਕਰੀਬ ਇਕ ਸੌ ਦਸ ਸਾਲ ਪਹਿਲਾਂ ਅੰਗਰੇਜ਼ੀ ਹਕੂਮਤ ਵੱਲੋਂ ਲਿਆਂਦੇ ਗਏ ਕਿਸਾਨ ਮਾਰੂ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲੇ ਜਬਰਦਸਤ ਸੰਘਰਸ਼ ਨੇ ਉਸ ਸਮੇਂ ਦੇ ਕਿਸਾਨਾਂ ਦੀ ਪੱਗ (ਅਣਖ) ਬਚਾਈ ਸੀ। ਉਨ੍ਹਾਂ ਕਿਹਾ ਕਿ ਅੱਜ ਵੀ ਕੇਂਦਰ ਵਿਚਲੀ ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਖੇਤੀ ਕਾਨੂੰਨ ਲਿਆ ਕੇ ਕਿਸਾਨਾਂ ਦੀ ਪੱਗ ਅਤੇ ਪੱਤ ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਮੋਦੀ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਖ਼ਿਲਾਫ ਚੱਲ ਰਹੇ ਸੰਘਰਸ਼ ਨੂੰ ਹੋਰ ਤੇਜ਼ ਨਾ ਕੀਤਾ ਗਿਆ ਤਾਂ ਮੋਦੀ ਸਰਕਾਰ ਕਿਸਾਨਾਂ ਦੀ ਅਣਖ ਨੂੰ ਨੀਵਾਂ ਦਿਖਾਉਣ ਵਿਚ ਕਾਮਯਾਬ ਹੋ ਜਾਵੇਗੀ ਤੇ ਇਸ ਦਾ ਖਮਿਆਜ਼ਾ ਦੇਸ਼ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਭੁਗਤਣਾ ਪਵੇਗਾ।
ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਦੀਆਂ ਪੱਗਾਂ ਬਚਾਉਣ ਲਈ ਇੱਕ ਸੌ ਦਸ ਸਾਲ ਪਹਿਲਾਂ ਸਾਡੇ ਵਡੇਰਿਆਂ ਵੱਲੋਂ ਚਲਾਈ ਗਈ ਪਗੜੀ ਸੰਭਾਲ ਲਹਿਰ ਤੋਂ ਸੇਧ ਲੈ ਕੇ ਕਿਸਾਨੀ ਮੋਰਚਿਆਂ ਵਿਚ ਹਰੇਕ ਪਰਿਵਾਰ ਨੂੰ ਡਟਣਾ ਪਵੇਗਾ। ਅੱਜ ਦੇ ਕਿਸਾਨੀ ਮੋਰਚੇ ਵਿਚ ਭੋਲਾ ਸਿੰਘ ਸੰਗਰਾਮੀ ਵੱਲੋਂ ਇਨਕਲਾਬੀ ਗੀਤ ਪੇਸ਼ ਕੀਤੇ ਗਏ ਅਤੇ ਮੋਰਚੇ ਦੇ ਮਾਹੌਲ ਨੂੰ ਗਰਮਾਈ ਰੱਖਿਆ।