ਹਰਦੀਪ ਸਿੰਘ ਸੋਢੀ
ਧੂਰੀ, 5 ਦਸੰਬਰ
ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਧੂਰੀ ਦੇ ਨੇੜਲੇ ਪਿੰਡ ਲੱਡਾ ਕੋਲ ਟੌਲ ਪਲਾਜ਼ਾ ਨੇੜੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਲਾਇਆ ਪੱਕਾ ਧਰਨਾ ਹਰਬੰਸ ਸਿੰਘ ਲੱਡਾ ਦੀ ਅਗਵਾਈ ਹੇਠ 429ਵੇਂ ਦਿਨ ਵੀ ਜਾਰੀ ਰਿਹਾ। ਉਨ੍ਹਾਂ ਕਿਹਾ ਕਿ ਸਿੰਘੂ ਬਾਰਡਰ ’ਤੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਕਿਸਾਨਾਂ ਦੇ ਅੰਦੋਲਨ ਵੱਲ ਆਤਿਸ਼ਬਾਜ਼ੀਆਂ ਚਲਾਈਆਂ ਗਈਆਂ ਜਿਸ ਕਾਰਨ ਕਿਸਾਨਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਤੇ ਇੱਕ ਧਾਰਮਿਕ ਸਥਾਨ ਨੂੰ ਨੁਕਸਾਨ ਪੁੱਜਾ।
ਉਨ੍ਹਾਂ ਕਿਹਾ ਇਹ ਸਭ ਕੁਝ ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਹੋ ਰਿਹਾ ਹੈ ਪਰ ਕਿਸਾਨ ਕੇਂਦਰ ਸਰਕਾਰ ਦੀਆਂ ਚਾਲਾਂ ਤੋਂ ਸੁਚੇਤ ਹਨ। ਇਸ ਮੌਕੇ ਗੁਰਜੀਤ ਸਿੰਘ ਲੱਡਾ, ਸੁੱਖਜੀਤ ਸਿੰਘ ਲੱਡਾ, ਰਾਮ ਸਿੰਘ ਕੱਕੜਵਾਲ, ਗੁਰਮੀਤ ਕੌਰ ਬੇਨੜਾ, ਹਮੀਰ ਸਿੰਘ, ਅਜੈਬ ਸਿੰਘ ਪੁੰਨਾਵਾਲ, ਕੁਲਵਿੰਦਰ ਕੌਰ ਲੱਡਾ, ਹਰਬੰਸ ਸਿੰਘ ਪੇਧਨੀ ਤੇ ਹੋਰ ਕਿਸਾਨ ਹਾਜ਼ਰ ਸਨ।
ਕਿਸਾਨੀ ਅੰਦੋਲਨ ਦੇ ਹੱਕ ਵਿੱਚ ਧਰਨਾ ਜਾਰੀ
ਲਹਿਰਾਗਾਗਾ (ਰਮੇਸ਼ ਭਾਰਦਵਾਜ): ਇੱਥੇ ਲੋਕ ਚੇਤਨਾ ਮੰਚ ਲਹਿਰਾਗਾਗਾ ਅਤੇ ਭਰਾਤਰੀ ਜਥੇਬੰਦੀਆਂ ਵੱਲੋਂ ਕਿਸਾਨ ਅੰਦੋਲਨ ਦੇ ਹੱਕ ਵਿੱਚ ਘੱਗਰ ਬ੍ਰਾਂਚ ਨਹਿਰ ਦੇ ਪੁਲ ’ਤੇ 28ਵਾਂ ਹਫ਼ਤਾਵਾਰੀ ਧਰਨਾ ਦਿੱਤਾ। ਇਸ ਮੌਕੇ ਆਗੂਆਂ ਵੱਲੋਂ ਮੋਦੀ ਸਰਕਾਰ ਵੱਲੋਂ ਤਿੰਨ ਕਾਲੇ ਖੇਤੀ ਕਾਨੂੰਨ ਵਾਪਸ ਲੈਣ ਤੋਂ ਬਾਅਦ ਐੱਮ ਐੱਸ ਪੀ ਦੀ ਗਾਰੰਟੀ ਸਮੇਤ ਕਿਸਾਨ ਅੰਦੋਲਨ ਦੀਆਂ ਬਾਕੀ ਮੰਗਾਂ ਵੀ ਤੁਰੰਤ ਪੂਰੀਆਂ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਮੁਜ਼ਾਹਰਾਕਾਰੀਆਂ ਨੇ ਕਿਹਾ ਕਿ ਕਿਸਾਨ ਅੰਦੋਲਨ ਇਤਿਹਾਸਕ ਜਿੱਤ ਵਲ ਵਧ ਰਿਹਾ ਹੈ। ਬੁਲਾਰਿਆਂ ਮਾਸਟਰ ਹਰਭਗਵਾਨ ਗੁਰਨੇ, ਨਾਮਦੇਵ ਭੁਟਾਲ, ਪੂਰਨ ਸਿੰਘ ਖਾਈ, ਸੁਖਜਿੰਦਰ ਲਾਲੀ ਤੇ ਜਸਵਿੰਦਰ ਗਾਗਾ, ਜਗਦੀਸ਼ ਪਾਪੜਾ, ਸੁਖਦੇਵ ਚੰਗਾਲੀਵਾਲਾ, ਰਣਜੀਤ ਲਹਿਰਾ, ਮਹਿੰਦਰ ਸਿੰਘ, ਜੋਰਾ ਸਿੰਘ ਗਾਗਾ, ਰਘਬੀਰ ਭੁਟਾਲ, ਮੱਘਰ ਸਿੰਘ, ਗੁਰਚਰਨ ਸਿੰਘ, ਬਲਦੇਵ ਜਵਾਹਰਵਾਲਾ, ਕੋਮਲ ਸਿੰਘ, ਜਗਤਾਰ ਸਿੰਘ ਨੇ ਕਿਹਾ ਕਿ ਮੋਰਚਾ ਹਾਲੇ ਜਾਰੀ ਹੈ। ਇਸ ਮੌਕੇ ਸ਼ਹਿਰ ਵਿੱਚ ਲੰਮੇ ਸਮੇਂ ਤੋਂ ਗੰਭੀਰ ਬਣੀ ਹੋਈ ਪੀਣ ਵਾਲੇ ਪਾਣੀ ਦੀ ਸਮੱਸਿਆ ਤੁਰੰਤ ਹੱਲ ਕਰਨ ਦੀ ਮੰਗ ਕੀਤੀ ਗਈ। ਧਰਨਕਾਰੀਆਂ ਨੇ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਵਰਗਾਂ ਦੇ ਮੁਲਾਜ਼ਮਾਂ ਅਤੇ ਬੇਰੁਜ਼ਗਾਰ ਨੌਜਵਾਨਾਂ ’ਤੇ ਜਬਰ ਢਾਹੁਣ ਦੀ ਨਿੰਦਾ ਕੀਤੀ।