ਰਮੇਸ਼ ਭਾਰਦਵਾਜ/ਕਰਮਵੀਰ ਸਿੰਘ ਸੈਣੀ
ਲਹਿਰਾਗਾਗਾ/ਮੂਨਕ, 30 ਅਕਤੂਬਰ
ਮੁੱਖ ਅੰਸ਼
- ਪਿੰਡ ਦੇ ਵਿਕਾਸ ਲਈ ਤਿੰਨ ਲੱਖ ਦੀ ਗ੍ਰਾਂਟ ਦੇਣ ਦਾ ਐਲਾਨ
- ਸਮਾਗਮ ਵਿੱਚ ਹਲਕਾ ਵਿਧਾਇਕ ਬਰਿੰਦਰ ਗੋਇਲ ਤੇ ਹੋਰਨਾਂ ਪਤਵੰਤਿਆਂ ਨੇ ਕੀਤੀ ਸ਼ਮੂਲੀਅਤ
ਨੇੜਲੇ ਪਿੰਡ ਬਲਰਾਂ ’ਚ ਪੰਚਾਇਤ ਵੱਲੋਂ ਉਸਾਰੀ ਨਵੀਂ ਡਿਸਪੈਂਸਰੀ ਦਾ ਉਦਘਾਟਨ ਅੱਜ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ ਕੀਤਾ। ਇਸ ਮੌਕੇ ਹਲਕਾ ਵਿਧਾਇਕ ਬਰਿੰਦਰ ਗੋਇਲ ਵੀ ਹਾਜ਼ਰ ਸਨ। ਸ੍ਰੀ ਜੌੜੇਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਗਲੇ ਮਹੀਨੇ ਸੂਬੇ ਭਰ 634 ਸਪੈਸ਼ਲਿਸਟ ਡਾਕਟਰਾਂ ਨੂੰ ਨਿਯੁਕਤੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਸਪਤਾਲਾਂ ’ਚ ਮਾਹਰ ਡਾਕਟਰ ਅਤੇ ਸਟਾਫ ਨਿਯੁਕਤ ਕੀਤਾ ਜਾਵੇਗਾ ਤਾਂ ਜੋ ਸਿਵਲ ਹਸਪਤਾਲ ਲਹਿਰਾਗਾਗਾ, ਮੂਨਕ ਤੇ ਖਨੌਰੀ ਮਹਿਜ਼ ਰੈਫਰਲ ਕੇਂਦਰ ਨਾ ਬਣ ਕੇ ਸਗੋਂ ਮਰੀਜ਼ਾਂ ਦੇ ਇਲਾਜ ਕਰਨ ਵਾਲੇ ਜ਼ਿੰਮੇਵਾਰ ਹਸਪਤਾਲ ਬਣ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਹੈਲਥ ਸਿਸਟਮ ਵਿੱਚ ਸੁਧਾਰ ਲਿਆਂਦਾ ਜਾਵੇਗਾ ਕਿਉਂਕਿ ‘ਆਪ’ ਸਰਕਾਰ ਨੇ ਪੰਜਾਬ ਵਾਸੀਆਂ ਨੂੰ ਵਧੀਆਂ ਸਿਹਤ ਸਹੂਲਤਾਂ ਦੇਣ ਦਾ ਵਾਅਦਾ ਕੀਤਾ ਹੈ। ਉਨ੍ਹਾਂ ਨੇ ਪਿੰਡ ਦੇ ਵਿਕਾਸ ਕਾਰਜਾਂ ਲਈ ਤਿੰਨ ਲੱਖ ਦੀ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ।
ਹਲਕਾ ਲਹਿਰਾਗਾਗਾ ਦੇ ਵਿਧਾਇਕ ਬਰਿੰਦਰ ਗੋਇਲ ਨੇ ਕਿਹਾ ਕਿ ਕਾਂਗਰਸੀਆਂ ਤੇ ਅਕਾਲੀਆਂ ਨੇ ਪਿਛਲੇ 70 ਸਾਲਾਂ ਵਿੱਚ ਸਿਸਟਮ ਨੂੰ ਗੰਧਲਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੂਰੇ ਸਿਸਟਮ ਨੂੰ ਸੁਧਾਰਨ ਲਈ ਕੁਝ ਸਮਾਂ ਲੱਗੇਗਾ। ਉਨ੍ਹਾਂ ਕਿਹਾ ਕਿ ਹਰ ਸਾਲ ਹਲਕਾ ਲਹਿਰਾਗਾਗਾ ਵਿੱਚ ਘੱਗਰ ਦਰਿਆ ਦੀ ਮਾਰ ਪੈਂਦੀ ਸੀ ਪਰ ਇਸ ਵਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਰਸਾਤਾਂ ਤੋਂ ਪਹਿਲਾਂ ਹੀ ਫੰਡ ਰਿਲੀਜ਼ ਕਰਕੇ ਘੱਗਰ ਦੀ ਸਫ਼ਾਈ ਦਾ ਕੰਮ ਬਰਸਾਤਾਂ ਤੋਂ ਪਹਿਲਾਂ ਮੁਕੰਮਲ ਕਰਵਾ ਦਿੱਤਾ ਸੀ।
ਇਸ ਮੌਕੇ ਸਿਵਲ ਸਰਜਨ ਸੰਗਰੂਰ ਡਾ. ਪਰਮਿੰਦਰ ਕੌਰ, ਜ਼ਿਲ੍ਹਾ ਮੈਡੀਕਲ ਕਮਿਸ਼ਨਰ ਡਾ. ਵਿਕਾਸ ਧੀਰ, ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਮੂਨਕ ਡਾ. ਲਵਰਾਜ ਪਵਾਰ , ਡਾ. ਰਿਚਾ ਪਾਂਡਵ ਤੇ ਡਾ. ਅਜੇ ਕੁਮਾਰ ਸਣੇ ਇਲਾਕੇ ਦੇ ਪਤਵੰਤੇ ਤੇ ਸਿਆਸੀ ਆਗੂ ਹਾਜ਼ਰ ਸਨ।