ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 2 ਨਵੰਬਰ
ਡਿਪਟੀ ਕਮਿਸ਼ਨਰ ਡਾ. ਪੱਲਵੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਇਹ ਯਕੀਨੀ ਬਣਾ ਰਿਹਾ ਹੈ ਕਿ ਕਣਕ ਦੀ ਬਿਜਾਈ ਲਈ ਲੋੜ ਮੁਤਾਬਕ ਡੀਏਪੀ ਦੀ ਸਪਲਾਈ ਕਰਵਾਈ ਜਾਵੇ ਤਾਂ ਜੋ ਜ਼ਿਲ੍ਹੇ ਦੇ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਪੇਸ਼ ਨਾ ਆਵੇ। ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਡੀਏਪੀ ਸਬੰਧੀ ਸ਼ਿਕਾਇਤਾਂ ’ਤੇ ਕਾਰਵਾਈ ਕਰਨ ਲਈ ਐਨਫੋਰਸਮੈਂਟ ਵਿੰਗ ਦੇ ਇੰਚਾਰਜ ਦੀ ਨਿਯੁਕਤੀ ਕਰ ਦਿੱਤੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕਰੀਬ 52 ਹਜ਼ਾਰ 324 ਹੈਕਟੇਅਰ ਰਕਬੇ ਵਿੱਚ ਕਣਕ ਤੇ ਆਲੂ ਆਦਿ ਦੀ ਬਿਜਾਈ ਕੀਤੀ ਜਾਂਦੀ ਹੈ, ਜਿਸ ਲਈ ਜ਼ਿਲ੍ਹੇ ਵਿੱਚ ਕਰੀਬ 7195 ਟਨ ਡੀਏਪੀ ਖਾਦ ਦੀ ਮੰਗ ਹੈ ਤੇ ਹੁਣ ਤੱਕ ਜ਼ਿਲ੍ਹੇ ਵਿੱਚ 6048 ਟਨ ਡੀਏਪੀ ਖਾਦ ਪੁੱਜ ਚੁੱਕੀ ਹੈ ਜੋ ਕਿ ਕੁੱਲ ਮੰਗ ਦਾ ਕਰੀਬ 84 ਫ਼ੀਸਦੀ ਬਣਦੀ ਹੈ। ਬਾਕੀ ਰਹਿੰਦੀ ਡੀਏਪੀ ਖਾਦ ਦੀ ਸਪਲਾਈ ਵੀ ਜਲਦੀ ਕੀਤੀ ਜਾਵੇਗੀ। ਕੁੱਲ ਮੰਗ ਦਾ 60 ਫ਼ੀਸਦੀ ਸਹਿਕਾਰੀ ਸਭਾਵਾਂ ਕੋਲ ਜਾਵੇਗਾ ਅਤੇ 40 ਫ਼ੀਸਦੀ ਪ੍ਰਾਈਵੇਟ ਡੀਲਰਾਂ ਨੂੰ ਦਿੱਤੀ ਜਾਵੇਗੀ। ਡੀਸੀ ਨੇ ਖਾਦ ਏਜੰਸੀਆਂ ਦੇ ਮਾਲਕਾਂ/ਵਿਕਰੇਤਾਵਾਂ ਨੂੰ ਹਦਾਇਤ ਕੀਤੀ ਕਿ ਡੀਏਪੀ ਦੇ ਨਾਲ ਵਾਧੂ ਸਾਮਾਨ ਖ਼ਰੀਦਣ ਲਈ ਮਜਬੂਰ ਨਾ ਕੀਤਾ ਜਾਵੇ।