ਜਗਤਾਰ ਸਿੰਘ ਨਹਿਲ
ਲੌਂਗੋਵਾਲ, 7 ਮਾਰਚ
ਭਾਰਤੀ ਫੌਜ ਵਿੱਚ ਸਿਪਾਹੀ ਵਜੋਂ ਤਾਇਨਾਤ ਸ਼ੇਰੋਂ ਪਿੰਡ ਦੇ ਨੌਜਵਾਨ ਦੀ ਡਿਊਟੀ ਦੌਰਾਨ ਮੌਤ ਹੋ ਗਈ। ਅੱਜ ਫੌਜ ਦੀ ਟੁਕੜੀ ਵੱਲੋਂ ਸ਼ਹੀਦ ਗੁਰਚਰਨ ਸਿੰਘ (34) ਦੀ ਮ੍ਰਿਤਕ ਦੇਹ ਨੂੰ ਉਸ ਦੇ ਜੱਦੀ ਪਿੰਡ ਸ਼ੇਰੋਂ ਲਿਆਂਦਾ ਗਿਆ ਜਿੱਥੇ ਉਸ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਗੁਰਚਰਨ ਸਿੰਘ ਕੁਝ ਸਮਾਂ ਪਹਿਲਾਂ ਭਾਰਤੀ ਫੌਜ ਦੀ ਸਿੱਖ ਲਾਈਟ ਯੂਨਿਟ ਵਿੱਚੋਂ ਨਾਇਕ ਵਜੋਂ ਸੇਵਾ ਮੁਕਤ ਹੋਇਆ ਸੀ। ਸੇਵਾ ਮੁਕਤੀ ਤੋਂ ਬਾਅਦ ਉਸ ਨੇ ਭਾਰਤੀ ਫੌਜ ਦੀ ਡਿਫੈਂਸ ਸਰਵਿਸ ਕੋਰ ਯੂਨਿਟ 916 ਦੀ ਡੀ.ਐੱਸ.ਸੀ. ਪਲਾਟੂਨ ਨੂੰ ਮੁੜ ਤੋਂ ਜੁਆਇਨ ਕਰ ਲਿਆ ਸੀ। ਆਪਣੇ ਸੇਵਾ ਕਾਲ ਦੌਰਾਨ ਉਸ ਨੂੰ ਇਨਫੈਕਸ਼ਨ ਹੋ ਗਿਆ ਜੋ ਉਸ ਲਈ ਜਾਨ ਲੇਵਾ ਸਿੱਧ ਹੋਇਆ।
ਫੌਜੀ ਜਵਾਨਾਂ ਦੀ ਟੁਕੜੀ ਨੇ ਸ਼ਹੀਦ ਗੁਰਚਰਨ ਸਿੰਘ ਨੂੰ ਹਥਿਆਰ ਪੁੱਠੇ ਕਰਕੇ ਅਤੇ ਹਵਾਈ ਫਾਇਰ ਕਰਕੇ ਸਲਾਮੀ ਦਿੱਤੀ। ਫੌਜ ਅਧਿਕਾਰੀਆਂ ਵੱਲੋਂ ਸ਼ਹੀਦ ਦੀ ਪਤਨੀ ਸੰਦੀਪ ਕੌਰ ਨੂੰ ਤਿਰੰਗਾ ਭੇਟ ਕੀਤਾ ਗਿਆ।