ਗੁਰਦੀਪ ਸਿੰਘ ਲਾਲੀ
ਸੰਗਰੂਰ, 3 ਜੁਲਾਈ
ਪਨਗਰੇਨ ਵਿਭਾਗ ਦੇ ਸਕਿਉਰਿਟੀ ਗਾਰਡਾਂ ਤੇ ਦਿ ਕਲਾਸ ਫੋਰ ਗੌਰਮਿੰਟ ਐਂਪਲਾਈਜ਼ ਯੂਨੀਅਨ ਖੁਰਾਕ ਤੇ ਸਪਲਾਈਜ਼ ਵਿਭਾਗ ਸਟੇਟ ਸਬ ਕਮੇਟੀ ਬਰਾਂਚ ਸੰਗਰੂਰ ਵੱਲੋਂ ਸਕਿਉਰਿਟੀ ਗਾਰਡਾਂ ਦੀਆਂ ਪਿਛਲੇ ਤਿੰਨ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਦੇ ਰੋਸ ਵਜੋਂ ਪੰਜਾਬ ਸਰਕਾਰ ਖ਼ਿਲਾਫ਼ ਅਰਥੀ ਫ਼ੂਕ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਮੇਲਾ ਸਿੰਘ ਪੁੰਨਾਵਾਲ, ਗੁਰਮੀਤ ਸਿੰਘ ਮਿੱਡਾ, ਹੰਸ ਰਾਜ ਦੀਦਾਰਗੜ੍ਹ, ਚਰਨਜੀਤ, ਸੰਦੀਪ ਸਿੰਘ, ਰਣਜੰਗ ਸਿੰਘ, ਮੰਗਤ, ਅਜੀਤਪਾਲ, ਰਵੀ ਸਿੰਘ ਤੇ ਕਾਲਾ ਰਾਮ ਨੇ ਦੱਸਿਆ ਕਿ ਸਕਿਉਰਿਟੀ ਗਾਰਡਾਂ ਦੀਆਂ ਤਿੰਨ ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ, ਜਿਸ ਕਰਕੇ ਕਰਮਚਾਰੀਆਂ ਲਈ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਗਿਆ ਹੈ। ਆਗੂਆਂ ਨੇ ਮੰਗ ਕੀਤੀ ਕਿ ਰੋਕੀਆਂ ਤਨਖਾਹਾਂ ਤੁਰੰਤ ਜਾਰੀ ਕੀਤੀਆਂ ਜਾਣ, ਦੋ ਸਾਲਾਂ ਦਾ ਬਣਦਾ ਈਪੀਐੱਫ਼ ਖਾਤਿਆਂ ਵਿੱਚ ਤੁਰੰਤ ਜਮ੍ਹਾਂ ਕਰਵਾਇਆ ਜਾਵੇ, ਸੀਨੀਅਰ ਕਰਮਚਾਰੀਆਂ ਦੀ ਛਾਂਟੀ ਕਰਨੀ ਬੰਦ ਕੀਤੀ ਜਾਵੇ, ਛਾਂਟੀ ਕੀਤੇ ਸਕਿਉਰਿਟੀ ਗਾਰਡਾਂ ਨੂੰ ਮੁੜ ਕੰਮ ’ਤੇ ਬਹਾਲ ਕੀਤਾ ਜਾਵੇ ਤੇ ਕਰਮਚਾਰੀਆਂ ਦੀ ਸ਼ਨਾਖ਼ਤੀ ਕਾਰਡ ਬਣਾਏ ਜਾਣ। ਜੇਕਰ ਤੁਰੰਤ ਮੰਗਾਂ ਦਾ ਨਿਪਟਾਰਾ ਨਾ ਕੀਤਾ ਗਿਆ ਤਾਂ ਜਥੇਬੰਦੀ ਵੱਲੋਂ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।