ਗੁਰਦੀਪ ਸਿੰਘ ਲਾਲੀ
ਸੰਗਰੂਰ, 30 ਅਗਸਤ
ਪੰਜਾਬ ਵਿੱਚ ਮੌਜੂਦਾ ਸਮੇਂ ਦੌਰਾਨ ਖ਼ਰਚੇ ਵਧਣ ਅਤੇ ਮੁਨਾਫ਼ਾ ਘਟਣ ਕਾਰਨ ਖੇਤੀ ਦੇ ਸਹਾਇਕ ਧੰਦੇ ਕਿਸਾਨਾਂ ਲਈ ਵਰਦਾਨ ਸਾਬਤ ਹੋ ਰਹੇ ਹਨ। ਘੱਟ ਜ਼ਮੀਨ ਹੋਣ ਕਾਰਨ ਸਹਾਇਕ ਧੰਦੇ ਅਪਣਾ ਕੇ ਕਿਸਾਨ ਆਪਣੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰ ਰਹੇ ਹਨ। ਇਨ੍ਹਾਂ ਕਿਸਾਨਾਂ ’ਚੋਂ ਨੇੜਲੇ ਪਿੰਡ ਕੰਮੋਮਾਜਰਾ ਦੀ ਅਗਾਂਹਵਧੂ ਕਿਸਾਨ ਬੀਬੀ ਅਰਵਿੰਦਰ ਕੌਰ ਵੀ ਹੈ, ਜੋ ਪਿਛਲੇ ਚਾਰ ਸਾਲਾਂ ਤੋਂ ਲਗਾਤਾਰ ਉਤਪਾਦਨ ਕੀਤੀਆਂ ਫ਼ਸਲਾਂ ਜਿਵੇਂ ਕਣਕ, ਛੋਲੇ, ਸਰ੍ਹੋਂ, ਅਲਸੀ, ਮਟਰ, ਗੰਨਾ ਅਤੇ ਹਲਦੀ ਦੀ ਪ੍ਰੋਸੈਸਿੰਗ ਰਾਹੀਂ ਵੱਖ-ਵੱਖ ਉਤਪਾਦ ਤਿਆਰ ਕਰਕੇ ਸਵੈ-ਮੰਡੀਕਰਨ ਕਰ ਰਹੀ ਹੈ।
ਅਰਵਿੰਦਰ ਕੌਰ ਨੇ ਸਾਲ 2016-17 ਤੋਂ ਆਪਣਾ ਸਵੈ-ਸਹਾਇਤਾ ਗਰੁੱਪ (ਸੰਜੀਵਨੀ ਸਵੈ-ਸਹਾਇਤਾ ਗਰੁੱਪ ਪਿੰਡ ਕੰਮੋਮਾਜਰਾ) ਅਜੀਵਿਕਾ ਮਿਸ਼ਨ ਸਕੀਮ ਅਧੀਨ ਰਜਿਸਟਰ ਕਰਵਾਇਆ ਹੋਇਆ ਹੈ। ਇਨ੍ਹਾਂ ਵੱਲੋਂ ਤਕਨੀਕੀ ਟਰੇਨਿੰਗ ਪ੍ਰਾਪਤ ਕਰਨ ਉਪਰੰਤ ਆਚਾਰ, ਮੁਰੱਬੇ, ਚੱਟਨੀਆਂ, ਚਾਟ ਮਸਾਲਾ ਅਤੇ ਹੋਰ ਕਿਸਮ ਦੇ ਮਸਾਲੇ ਤਿਆਰ ਕੀਤੇ ਜਾਂਦੇ ਹਨ। ਇਹ ਸਵੈ ਸਹਾਇਤਾ ਗਰੁੱਪ ਪਿਛਲੇ ਲੰਬੇ ਸਮੇਂ ਤੋਂ ਖੇਤੀਬਾੜੀ ਵਿਭਾਗ ਅਤੇ ਆਤਮਾ ਨਾਲ ਜੁੜਿਆ ਹੋਇਆ ਹੈ। ਅਰਵਿੰਦਰ ਕੌਰ ਨੇ ਕਿਸਾਨ ਬੀਬੀ ਵੱਲੋਂ ਵਿਭਾਗ ਤੋਂ ਜਾਰੀ ਮਿੱਟੀ ਪਰਖ ਕਾਰਡ ਤੇ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਹੀ ਬਿਨਾਂ ਕੈਮੀਕਲ ਅਤੇ ਫਰਟੀਲਾਈਜ਼ਰ ਦੀ ਵਰਤੋਂ ਕੀਤੇ ਜੈਵਿਕ ਖੇਤੀ ਨੂੰ ਅਪਣਾਇਆ ਹੈ। ਇਸ ਤੋਂ ਇਲਾਵਾ ਅਰਵਿੰਦਰ ਕੌਰ ਵੱਲੋਂ ਗਰੁੱਪ ਮੈਂਬਰਾਂ ਨਾਲ ਮਿਲ ਕੇ ਘਰ ਵਿੱਚ ਹੀ ਮਿਨੀ ਢਾਬਾ ਸਥਾਪਤ ਕੀਤਾ ਗਿਆ ਹੈ ਜਿਸ ਵਿੱਚ ਉਨ੍ਹਾਂ ਵੱਲੋਂ ਪੰਜਾਹ ਤੋਂ ਵੱਧ ਤਰਾਂ ਦੇ ਸ਼ੁੱਧ ਖਾਣੇ ਜਿਵੇਂ ਪਰਾਂਠੇ, ਨੂਡਲਜ਼, ਪਾਸਤਾ, ਰੋਟੀ, ਸਬਜ਼ੀਆਂ, ਰਾਜਮਾਂਹ, ਚੌਲ ਅਤੇ ਕੜੀ ਆਦਿ ਤਿਆਰ ਕਰਕੇ ‘ਹੋਮ ਟੂ ਹੋਮ’ (ਘਰ ਘਰ) ਸਰਵਿਸ ਪਹੁੰਚਾਈ ਜਾਂਦੀ ਹੈ। ਅਰਵਿੰਦਰ ਨੇ ਇੱਕ ਸੰਜੀਵਨੀ ਲਾਈਫ ਕੇਅਰ ਫਾਊਂਡਸ਼ਨ ਨਾਮ ਦੀ ਸੰਸਥਾ ਚਲਾਈ ਹੋਈ ਹੈ। ਉਨ੍ਹਾਂ ਕਿਸਾਨਾਂ ਨੂੰ ਖੇਤੀ ਦੇ ਨਾਲ ਨਾਲ ਸਹਾਇਕ ਧੰਦੇ ਅਪਣਾਉਣ ਦੀ ਅਪੀਲ ਕੀਤੀ।
ਮੁੱਖ ਖੇਤੀਬਾੜੀ ਅਫਸਰ ਡਾ. ਜਸਵਿੰਦਰਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਪਿਛਲੇ ਦਿਨੀਂ ਡਾ. ਗੁਰਵਿੰਦਰ ਸਿੰਘ ਸੰਯੁਕਤ ਡਾਇਰੈਕਟਰ ਖੇਤੀਬਾੜੀ -ਕਮ- ਸਟੇਟ ਨੋਡਲ ਅਫਸਰ ਆਤਮਾ ਪੰਜਾਬ ਵਲੋਂ ਪਿੰਡ ਕੰਮੋਮਾਜਰਾ ਦਾ ਦੌਰਾ ਕਰਦਿਆਂ ਬੀਬੀ ਅਰਵਿੰਦਰ ਕੌਰ ਵਲੋਂ ਸਾਂਝੇ ਕੀਤੇ ਗਏ ਤਜਰਬਿਆਂ ’ਤੇ ਖੁਸ਼ੀ ਜ਼ਾਹਿਰ ਕੀਤੀ।