ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਮਾਲੇਰਕੋਟਲਾ/ਅਮਰਗੜ੍ਹ, 7 ਫਰਵਰੀ
ਆਸ਼ਾ ਵਰਕਰ ਤੇ ਆਸ਼ਾ ਫ਼ੈਸਿਲੀਟੇਟਰ ਨਿਰੋਲ ਯੂਨੀਅਨ ਪੰਜੋਲਾ ਦੇ ਸੱਦੇ ਤਹਿਤ ਬੀਬੀ ਭੋਲੀ ਦੀ ਅਗਵਾਈ ਹੇਠ ਆਸ਼ਾ ਵਰਕਰਾਂ ਨੇ ਇੱਥੇ ਮਾਲੇਰਕੋਟਰਲਾ ਦੇ ਸਿਵਲ ਹਸਪਤਾਲ ਅੱਗੇ ਰੋਸ ਪ੍ਰਦਰਸ਼ਨ ਕਰਦਿਆਂ ਬਜਟ ਦੀਆਂ ਕਾਪੀਆਂ ਸਾੜੀਆਂ।
ਇਸ ਮੌਕੇ ਬੀਬੀ ਭੋਲੀ ਨੇ ਕਿਹਾ ਕਿ ਸਰਕਾਰ ਨੇ ਆਸ਼ਾ ਵਰਕਰਾਂ ਨੂੰ ਆਯੂਸ਼ਮਾਨ ਸਕੀਮ ਤਹਿਤ ਲਿਆ ਕੇ ਕੇਵਲ ਹੰਝੂ ਪੂੰਜਣ ਵਾਲੀ ਗੱਲ ਕੀਤੀ ਹੈ। ਆਸ਼ਾ ਵਰਕਰਾਂ ਦੇ ਕੰਮ ਦਾ ਬੋਝ ਦਿਨੋ-ਦਿਨ ਵਧਾਇਆ ਜਾ ਰਿਹਾ ਹੈ। ਘਰ-ਘਰ ਜਾ ਕੇ ਰਿਕਾਰਡ ਇਕੱਠਾ ਕਰਨ ਨਾਲ ਡਿਊਟੀ ਕਾਫ਼ੀ ਸਖ਼ਤ ਹੋ ਗਈ ਹੈ। ਕੇਂਦਰ ਸਰਕਾਰ ਵਰਕਰਾਂ ਨੂੰ ਬਹੁਤ ਘੱਟ ਭੱਤਾ ਦੇ ਕੇ ਸਖ਼ਤ ਡਿਊਟੀ ਲੈ ਕੇ ਵਰਕਰਾਂ ਦਾ ਸ਼ੋਸ਼ਣ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਜੁਮਲਿਆਂ ਦੀ ਸਰਕਾਰ ਹੈ। ਪਿਛਲੇ 10 ਸਾਲਾਂ ਵਿਚ ਮੋਦੀ ਸਰਕਾਰ ਨੇ ਵਰਕਰਾਂ ਨੂੰ ਕੁਝ ਨਹੀਂ ਦਿੱਤਾ। ਇਸ ਮੌਕੇ ਜਨਰਲ ਸਕੱਤਰ ਮਨਜੀਤ ਕੌਰ, ਹਰਬੰਸ ਕੌਰ, ਗੁਰਮੀਤ ਕੌਰ, ਰਾਣੀ ਮੰਨਵੀ, ਕਰਮਜੀਤ ਕੌਰ, ਅਮਰਜੀਤ ਕੌਰ, ਕੁਲਵਿੰਦਰ ਕੌਰ, ਗੁਰਮੀਤ ਕੌਰ ਭਸੌੜ, ਰਜੀਆ, ਬਲਵੀਰ ਕੌਰ ਆਦਿ ਹਾਜ਼ਰ ਸਨ।