ਪੱਤਰ ਪ੍ਰੇਰਕ
ਸੰਗਰੂਰ, 12 ਮਈ
ਫਰੀਡਮ ਫਾਈਟਰ ਉਤਰਾਅਧਿਕਾਰੀ ਸੰਸਥਾ ਪੰਜਾਬ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੰਜਾਬ ਦੇ ਪਹਿਲੇ ਬਜਟ ਲਈ ਆਮ ਲੋਕਾਂ ਤੋਂ ਸੁਝਾਅ ਮੰਗਣ ਦੀ ਸ਼ਲਾਘਾ ਕੀਤੀ ਅਤੇ ਸੰਸਥਾ ਦੀ ਪੰਜ ਮੈਂਬਰੀ ਕਮੇਟੀ ਵੱਲੋਂ ਉਨ੍ਹਾਂ ਨੂੰ ਸੰਸਥਾ ਦੀਆਂ ਮੰਗਾਂ ਅਤੇ ਸੁਝਾਵਾਂ ਸਬੰਧੀ ਇੱਕ ਪੱਤਰ ਸੂਬਾ ਪ੍ਰਧਾਨ ਹਰਿੰਦਰਪਾਲ ਸਿੰਘ ਖਾਲਸਾ ਦੀ ਅਗਵਾਈ ਹੇਠ ਸੌਂਪਿਆ ਗਿਆ। ਕਮੇਟੀ ਨੇ ਆਉਣ ਵਾਲੇ ਬਜਟ ‘ਚ ਦੇਸ਼ ਭਗਤ ਪਰਿਵਾਰਾਂ ਲਈ ਪੈਕੇਜ ਰੱਖਣ ਦੀ ਵੀ ਮੰਗ ਕੀਤੀ। ਸ੍ਰੀ ਖਾਲਸਾ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦ ਹੋਇਆ 75 ਸਾਲ ਹੋ ਗਏ ਹਨ, ਪ੍ਰੰਤੂ ਕਿਸੇ ਵੀ ਰਾਜਨੀਤਿਕ ਪਾਰਟੀ ਨੇ ਆਜ਼ਾਦੀ ਘੁਲਾਟੀਏ ਜਾਂ ਉਨ੍ਹਾਂ ਦੇ ਪਰਿਵਾਰਾਂ ਦੀ ਰੋਜ਼ੀ-ਰੋਟੀ ਤੇ ਰੁਜ਼ਗਾਰ ਵੱਲ ਧਿਆਨ ਨਹੀਂ ਦਿੱਤਾ ਜਿਸ ਕਾਰਨ ਇਨ੍ਹਾਂ ਪਰਿਵਾਰਾਂ ਵਿਚ ਬਹੁਤ ਨਿਰਾਸ਼ਾ ਹੈ। ਉਨ੍ਹਾਂ ਮੰਗ ਕੀਤੀ ਕਿ ਫਰੀਡਮ ਫਾਈਟਰ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੀ 300 ਯੂਨਿਟ ਬਿਜਲੀ ਮੁਆਫੀ, ਜਿਸ ‘ਤੇ ਇੱਕ ਕਿਲੋਵਾਟ ਲੋਡ ਦੀ ਸ਼ਰਤ ਹੈ, ਉਸ ਨੂੰ ਹਟਾ ਕੇ ਸਨਮਾਨ ਦੇ ਤੌਰ ‘ਤੇ ਬਿਜਲੀ ਮੁਆਫੀ ਦਿੱਤੀ ਜਾਵੇ। ਸਰਕਾਰ ਵੱਲੋਂ ਫਰੀਡਮ ਫਾਈਟਰਾਂ ਦੇ ਵਾਰਸਾਂ ਨੂੰ ਨੌਕਰੀਆਂ ਵਿੱਚ ਕੋਟਾ 5 ਫੀਸਦੀ ਤੋਂ ਘਟਾ 1 ਫੀਸਦੀ ਕਰ ਦਿੱਤਾ ਗਿਆ ਸੀ, ਜਿਸ ਨੂੰ ਮੁੜ 5 ਫੀਸਦੀ ਹੀ ਕੀਤਾ ਜਾਵੇ। ਫਰੀਡਮ ਫਾਈਟਰ ਅਤੇ ਉਤਰਾਧਿਕਾਰੀਆਂ ਦੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਫਰੀਡਮ ਫਾਈਟਰ ਭਲਾਈ ਬੋਰਡ ਬਣਾ ਕੇ ਚੇਅਰ ਸਥਾਪਿਤ ਕੀਤੀ ਜਾਵੇ।