ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 13 ਮਈ
ਇਥੋਂ ਨੇੜਲੇ ਪਿੰਡ ਬਾਲਦ ਕਲਾਂ, ਝਨੇੜੀ, ਘਰਾਚੋਂ ਅਤੇ ਬਟੜਿਆਣਾ ਵਿਖੇ ਰਿਜ਼ਰਵ ਕੋਟੇ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਦਲਿਤ ਵਰਗ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਦੀ ਸਹਿਮਤੀ ਨਾ ਹੋਣ ਕਾਰਣ ਦੂਜੀ ਵਾਰ ਫਿਰ ਮੁਲਤਵੀ ਹੋ ਗਈ।
ਇਸ ਸਬੰਧੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਇਲਾਕਾ ਆਗੂ ਗੁਰਚਰਨ ਸਿੰਘ ਘਰਾਚੋਂ ਅਤੇ ਅਵਤਾਰ ਸਿੰਘ ਬਾਲਦ ਕਲਾਂ ਨੇ ਦੱਸਿਆ ਕਿ ਕਮੇਟੀ ਵੱਲੋਂ ਐਸਸੀ ਕੋਟੇ ਦੀ ਪੰਚਾਇਤੀ ਜ਼ਮੀਨ ਤਿੰਨ ਸਾਲਾਂ ਵਾਸਤੇ ਪਟੇ ’ਤੇ ਲੈਣ ਦੀ ਮੰਗ ਕੀਤੀ ਜਾ ਰਹੀ ਹੈ ਪ੍ਰੰਤੂ ਪ੍ਰਸ਼ਾਸਨ ਵੱਲੋਂ ਲਗਾਤਾਰ ਬੋਲੀਆਂ ਰੱਖ ਕੇ ਇਸ ਮਾਮਲੇ ਨੂੰ ਠੱਪ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੁੱਖ ਮੰਤਰੀ ਨਾਲ ਜਥੇਬੰਦੀ ਦੇ ਆਗੂਆਂ ਦੀ ਮੀਟਿੰਗ ਤੋਂ ਪਹਿਲਾਂ ਕਿਸੇ ਵੀ ਪਿੰਡ ਵਿੱਚ ਬੋਲੀ ਨਾ ਕਰਵਾਈ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਮੰਗ ਨਾ ਮੰਨੀ ਗਈ ਤਾਂ ਮੁੜ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਇਲਾਕਾ ਆਗੂ ਚਮਕੌਰ ਸਿੰਘ ਝਨੇੜੀ ਹਰਜਿੰਦਰ ਸਿੰਘ ਰਾਮਚੰਦ ਝਨੇੜੀ ਅਮਰਜੀਤ ਸਿੰਘ ਝਨੇੜੀ ਚਮਕੌਰ ਸਿੰਘ ਘਰਾਚੋ ਚਰਨਜੀਤ ਕੌਰ ਘਰਾਚੋਂ ਗੁਰਚਰਨ ਸਿੰਘ ਬਾਲਦ ਕਲਾਂ ਆਦਿ ਹਾਜ਼ਰ ਸਨ। ਇਸ ਸਬੰਧੀ ਡੀਡੀਪੀਓ ਸੰਗਰੂਰ ਵਨੀਤ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਰਕਾਰੀ ਹਦਾਇਤਾਂ ਅਤੇ ਨਿਯਮਾਂ ਅਨੁਸਾਰ ਰਿਜ਼ਰਵ ਹਿੱਸੇ ਦੀਆਂ ਪੰਚਾਇਤੀ ਜ਼ਮੀਨਾਂ ਦੀ ਬੋਲੀ ਕਰਵਾਈ ਗਈ ਸੀ, ਪਰ ਕੁਝ ਤਕਨੀਕੀ ਵਜ੍ਹਾ ਕਾਰਨ ਉਕਤ ਪਿੰਡਾਂ ਦੀਆਂ ਐਸਸੀ ਹਿੱਸੇ ਦੀਆਂ ਬੋਲੀਆਂ ਮੁਲਤਵੀ ਕੀਤੀਆਂ ਗਈਆਂ ਹਨ।