ਗੁਰਦੀਪ ਸਿੰਘ ਲਾਲੀ
ਸੰਗਰੂਰ, 31 ਮਈ
ਪਿੰਡ ਉਪਲੀ ਵਿੱਚ ਰਾਖਵੇਂ ਕੋਟੇ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਅੱਜ ਤੀਜੀ ਵਾਰ ਮੁਲਤਵੀ ਹੋ ਗਈ। ਪਿੰਡ ਦੇ ਦਲਿਤ ਪਰਿਵਾਰ ਸਾਂਝੀ ਖੇਤੀ ਲਈ ਜ਼ਮੀਨ ਘੱਟ ਰੇਟ ’ਤੇ ਲੈਣ ਦੀ ਮੰਗ ਕਰ ਰਹੇ ਹਨ ਜਦੋਂ ਕਿ ਪੰਚਾਇਤ ਵਿਭਾਗ ਘੱਟ ਰੇਟ ’ਤੇ ਜ਼ਮੀਨ ਦੇਣ ਤੋਂ ਇਨਕਾਰ ਕਰ ਰਿਹਾ ਹੈ। ਇਸ ਤੋਂ ਖਫ਼ਾ ਪਿੰਡ ਦੇ ਦਲਿਤ ਵਰਗ ਨਾਲ ਸਬੰਧਤ ਪਰਿਵਾਰਾਂ ਨੇ ਰੋਸ ਜਤਾਇਆ ਅਤੇ ਪੰਜਾਬ ਸਰਕਾਰ ਤੋਂ ਘੱਟ ਰੇਟ ’ਤੇ ਸਾਂਝੀ ਖੇਤੀ ਲਈ ਜ਼ਮੀਨ ਦੇਣ ਦੀ ਮੰਗ ਕੀਤੀ।
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰਧਾਨ ਸੰਜੀਵ ਮਿੰਟੂ, ਜ਼ਿਲ੍ਹਾ ਆਗੂ ਬਿਮਲ ਕੌਰ ਅਤੇ ਅਮਰੀਕ ਸਿੰਘ ਨੇ ਦੱਸਿਆ ਕਿ ਪਿੰਡ ਉਪਲੀ ਵਿੱਚ ਰਾਖਵੇਂ ਕੋਟੇ ਦੀ ਪੰਚਾਇਤੀ ਜ਼ਮੀਨ ਤਿੰਨ ਏਕੜ ਹੈ ਜੋ ਪਿੰਡ ਦੇ 42 ਦਲਿਤ ਪਰਿਵਾਰ ਸਾਂਝੇ ਤੌਰ ’ਤੇ ਠੇਕੇ ’ਤੇ ਲੈ ਕੇ ਸਾਂਝੀ ਖੇਤੀ ਕਰਦੇ ਆ ਰਹੇ ਹਨ। ਦਲਿਤ ਪਰਿਵਾਰਾਂ ਦੀ ਮੰਗ ਹੈ ਕਿ ਕਰੋਨਾ ਮਹਾਮਾਰੀ ਕਾਰਨ ਦਲਿਤ ਪਰਿਵਾਰ ਪਹਿਲਾਂ ਹੀ ਆਰਥਿਕ ਮੰਦੀ ਦਾ ਸ਼ਿਕਾਰ ਹਨ ਜਿਸ ਕਰਕੇ ਪੰਜਾਬ ਸਰਕਾਰ ਨੂੰ ਸਾਂਝੀ ਖੇਤੀ ਲਈ ਜ਼ਮੀਨ ਘੱਟ ਰੇਟ ’ਤੇ ਦੇਣੀ ਚਾਹੀਦੀ ਹੈ ਪਰ ਸਰਕਾਰ ਪਿਛਲੇ ਸਾਲ ਨਾਲੋਂ ਵੀ ਵੱਧ ਰੇਟ ’ਤੇ ਜ਼ਮੀਨ ਦੇਣਾ ਚਾਹੁੰਦੀ ਹੈ।
ਉਨ੍ਹਾਂ ਦੱਸਿਆ ਕਿ ਅੱਜ ਰਾਖਵੇਂ ਕੋਟੇ ਦੀ ਜ਼ਮੀਨ ਠੇਕੇ ’ਤੇ ਲੈਣ ਵਾਸਤੇ ਦਲਿਤ ਪਰਿਵਾਰਾਂ ਨੇ ਸਾਂਝੇ ਤੌਰ ’ਤੇ ਜ਼ਮੀਨ ਦੀ ਬੋਲੀ 78250 ਰੁਪਏ ਦਿੱਤੀ ਸੀ ਪਰ ਪੰਚਾਇਤ ਵਿਭਾਗ ਨੇ ਇਸ ਰੇਟ ’ਤੇ ਜ਼ਮੀਨ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਲਗਾਤਾਰ ਤੀਜੀ ਵਾਰ ਬੋਲੀ ਮੁਲਤਵੀ ਹੋਈ ਹੈ ਜਿਸ ਕਾਰਨ ਦਲਿਤ ਪਰਿਵਾਰਾਂ ਵਿੱਚ ਰੋਸ ਹੈ। ਉਨ੍ਹਾਂ ਕਿਹਾ ਕਿ ਘੱਟ ਰੇਟ ’ਤੇ ਜ਼ਮੀਨ ਦਿਵਾਉਣ ਵਾਸਤੇ ਪਿੰਡ ਦੀ ਪੰਚਾਇਤ ਤੋਂ ਮਤਾ ਪਾਸ ਕਰਨ ਦੀ ਬੇਨਤੀ ਕੀਤੀ ਜਾਵੇਗੀ। ਉਨ੍ਹਾਂ ਦੋਸ਼ ਲਾਇਆ ਕਿ ਇੱਕ ਪਾਸੇ ਸਰਕਾਰ ਸਾਂਝੀ ਖੇਤੀ ਦੇ ਮਾਡਲ ਨੂੰ ਉਤਸ਼ਾਹਿਤ ਕਰ ਰਹੀ ਹੈ ਪਰ ਦੂਜੇ ਪਾਸੇ ਸਾਂਝੀ ਖੇਤੀ ਲਈ ਜ਼ਮੀਨ ਦੇਣ ਤੋਂ ਪਾਸਾ ਵੱਟ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਸਾਂਝੀ ਖੇਤੀ ਲਈ ਘੱਟ ਰੇਟ ’ਤੇ ਜ਼ਮੀਨ ਦਿੱਤੀ ਜਾਵੇ। ਉਧਰ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਲੈਨਿਨ ਗਰਗ ਦਾ ਕਹਿਣਾ ਹੈ ਕਿ ਐਸ.ਸੀ. ਭਾਈਚਾਰੇ ਨਾਲ ਸਬੰਧਤ ਲੋਕ ਘੱਟ ਰੇਟ ’ਤੇ ਜ਼ਮੀਨ ਲੈਣ ਦੀ ਮੰਗ ਕਰ ਰਹੇ ਹਨ। ਤਿੰਨ ਵਾਰ ਬੋਲੀ ਮੁਲਤਵੀ ਹੋ ਚੁੱਕੀ ਹੈ। ਇਸ ਸਬੰਧੀ ਰਿਪੋਰਟ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਭੇਜ ਦਿੱਤੀ ਜਾਵੇਗੀ।
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਬੀਡੀਪੀਓ ਦਫ਼ਤਰ ਦਾ ਘਿਰਾਓ ਭਲਕੇ
ਸ਼ੇਰਪੁਰ (ਬੀਰਬਲ ਰਿਸ਼ੀ): ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਬਲਾਕ ਸ਼ੇਰਪੁਰ ਦੇ ਪਿੰਡਾਂ ’ਚ ਪੰਚਾਇਤੀ ਜ਼ਮੀਨਾਂ ਦੇ ਰਾਖਵੇਂ ਕੋਟੇ ਦੀ ਬੋਲੀ ਵਿੱਚ ਦਲਿਤਾਂ ਨੂੰ ਸਾਂਝੀ ਖੇਤੀ ਲਈ ਜ਼ਮੀਨਾਂ ਦੇ ਰੇਟ ਘਟਾ ਕੇ ਦੇਣ ਅਤੇ ਕਥਿਤ ਡੰਮੀ ਬੋਲੀਆਂ ਬੰਦ ਕਰਨ ਦੀ ਮੰਗ ਲਈ 2 ਜੂਨ ਨੂੰ ਬੀਡੀਪੀਓ ਦਫ਼ਤਰ ਸ਼ੇਰਪੁਰ ਦਾ ਘਿਰਾਓ ਕੀਤਾ ਜਾਵੇਗਾ। ਵੱਖ-ਵੱਖ ਪਿੰਡਾਂ ‘ਚ ਕੀਤੀਆਂ ਮੀਟਿੰਗਾਂ ਮਗਰੋਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਬਲਾਕ ਆਗੂ ਜਸਵੰਤ ਸਿੰਘ ਖੇੜੀ ਨੇ ਮਜ਼ਦੂਰਾਂ ਨੂੰ 2 ਜੂਨ ਦੇ ਸ਼ੇਰਪੁਰ ਧਰਨੇ ਵਿੱਚ ਪੁੱਜਣ ਦੀ ਅਪੀਲ ਕੀਤੀ।