ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 22 ਜੂਨ
ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਮਿਸ਼ਨ ਫਤਹਿ ਦਾ ਸੁਨੇਹਾ ਘਰ-ਘਰ ਪਹੁੰਚਾਉਣ ਲਈ ਵੱਡੀ ਗਿਣਤੀ ਪੁਲੀਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਨਾਲ-ਨਾਲ ਆਸ਼ਾ ਵਰਕਰ, ਆਂਗਣਵਾੜੀ ਵਰਕਰ, ਮੁਹੱਲਾ ਕਮੇਟੀਆਂ, ਯੂਥ ਕਲੱਬਾਂ ਦੇ ਨੁਮਾਇੰਦੇ ਆਦਿ ਬਹੁਤ ਸਰਗਰਮੀ ਨਾਲ ਜੁਟੇ ਹੋਏ ਹਨ। ਲੋਕਾਂ ਨੂੰ ਕੋਵਿਡ 19 ਬਿਮਾਰੀ ਤੋਂ ਬਚਾਉਣ ਲਈ ਰੱਖੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਜਾਗਰੂਕ ਕਰਦੇ ਹੋਏ ਮਾਸਕ ਪਾਉਣ, ਵਾਰ ਵਾਰ ਹੱਥ ਧੋਣ ਅਤੇ ਸਮਾਜਿਕ ਦੂਰੀ ਰੱਖਣ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।
ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਹਿਯੋਗ ਨਾਲ ਸਮੂਹ ਨਗਰ ਕੌਸਲਾਂ, ਨਗਰ ਪੰਚਾਇਤਾਂ ਅਤੇ ਸ਼ਹਿਰੀ ਖੇਤਰਾਂ ਦੇ ਵਾਰਡਾਂ ਵਿੱਚ ਮਿਸ਼ਨ ਫ਼ਤਿਹ ਬਾਰੇ ਜਾਗਰੂਕ ਕਰਦੇ ਪਰਚੇ ਵੰਡੇ ਗਏ ਅਤੇ ਲੋਕਾਂ ਨੂੰ ਸਿਹਤ ਸਲਾਹਾਂ ਦਾ ਪਾਲਣ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਇਸ ਸਬੰਧੀ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਕਰੋਨਾ ਦੀ ਲੜਾਈ ’ਚ ਲੋਕਾਂ ਦੀ ਸ਼ਮੂਲੀਅਤ ਯਕੀਨੀ ਬਣਾ ਕੇ, ਉਨ੍ਹਾਂ ਨੂੰ ਜਾਗਰੂਕ ਕਰਨਾ ਹੈ। ਇਸ ਮੁਹਿੰਮ ਵਿੱਚ ਹਰ ਵਰਗ ਉਤਸ਼ਾਹ ਨਾਲ ਹਿੱਸਾ ਲੈ ਰਿਹਾ ਹੈ ਅਤੇ ਲੋਕਾਂ ਨੂੰ ਘਰ-ਘਰ ਜਾ ਕੇ ਦੱਸਿਆ ਜਾ ਰਿਹਾ ਹੈ ਕਿ ਕਰੋਨਾ ਨੂੰ ਹਰਾਉਣ ਲਈ ਤਿੰਨ ਜ਼ਰੂਰੀ ਚੀਜ਼ਾਂ ਮਾਸਕ ਪਹਿਨਣਾ, ਸਮਾਜਿਕ ਦੂਰੀ ਰੱਖਣਾ ਅਤੇ ਹੱਥ ਵਾਰ-ਵਾਰ ਧੋਣਾ ਹਮੇਸ਼ਾਂ ਯਾਦ ਰੱਖਿਆ ਜਾਵੇ।