ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 16 ਨਵੰਬਰ
ਪੰਜਾਬ ਖੇਤੀਬਾੜੀ ਯਨੀਵਰਸਿਟੀ ਲੁਧਿਆਣਾ ਦੇ ਨਿਰਦੇਸ਼ਕ ਪਾਸਾਰ ਸਿੱਖਿਆ ਦੀ ਅਗਵਾਈ ਹੇਠ ਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਵੱਲੋਂ ਪਿੰਡ ਲੱਖੇਵਾਲ ਅਤੇ ਖੇੜੀ ਗਿੱਲਾਂ ਵਿੱਚ ਫਸਲੀ ਰਹਿੰਦ-ਖੂੰਹਦ ਦਾ ਖੇਤਾਂ ਵਿੱਚ ਹੀ ਪ੍ਰਬੰਧਨ ਅਤੇ ਡੀਏਪੀ ਖਾਦ ਤੋਂ ਇਲਾਵਾ ਫਾਸਫੋਰਸ ਤੱਤ ਵਾਲੀਆਂ ਵੱਖ-ਵੱਖ ਖਾਦਾਂ ਸਬੰਧੀ ਪਿੰਡ ਪੱਧਰੀ ਕੈਂਪ ਲਗਾਏ ਗਏ। ਇਸ ਮੌਕੇ ਡਾ. ਅਸ਼ੋਕ ਕੁਮਾਰ ਇੰਚਾਰਜ ਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਨੇ ਦੱਸਿਆ ਕਿ ਫਾਸਫੋਰਸ ਤੱਤ ਲਈ ਡੀਏਪੀ ਖਾਦ ਤੋਂ ਇਲਾਵਾ ਸੁਪਰ ਫਾਸਫੇਟ, ਟ੍ਰਿਪਲ ਸੁਪਰ ਫਾਸਫੇਟ, ਐੱਨਪੀਕੇ ਆਦਿ ਪਾਏ ਜਾ ਸਕਦੇ ਹਨ। ਉਨ੍ਹਾਂ ਕਣਕ ਦੇ ਕਨਸੋਰਸ਼ੀਅਮ ਬਾਇਓ-ਫਰਟੀਲਾਈਜ਼ਰ ਨੂੰ ਬੀਜ ਦੇ ਇਲਾਜ ਵਜੋਂ ਵਰਤਣ ’ਤੇ ਵੀ ਜ਼ੋਰ ਦਿੱਤਾ।
ਉਨ੍ਹਾਂ ਕਿਹਾ ਕਿ ਰਹਿੰਦ-ਖੂੰਹਦ ਨੂੰ ਸਾੜਨ ਨਾਲ ਨਾਈਟ੍ਰੋਜਨ ਅਤੇ ਸਲਫਰ ਵਰਗੇ ਪੌਸ਼ਟਿਕ ਤੱਤਾਂ ਦਾ ਪੂਰਾ ਨੁਕਸਾਨ, ਮਨੁੱਖੀ ਅਤੇ ਜਾਨਵਰਾਂ ਦੀ ਸਿਹਤ ਲਈ ਹਾਨੀਕਾਰਕ ਜ਼ਹਿਰੀਲੀਆਂ ਗੈਸਾਂ ਵਿੱਚ ਵਾਧਾ ਹੁੰਦਾ ਹੈ। ਉਨ੍ਹਾਂ ਕਿਸਾਨਾਂ ਨੂੰ ਕਣਕ ਦੀ ਬਿਜਾਈ ਲਈ ਹੈਪੀ ਸੀਡਰ, ਸੁਪਰ ਸੀਡਰ, ਸਮਾਰਟ ਸੀਡਰ ਅਤੇ ਘੱਟ ਲਾਗਤ ਵਾਲੀਆਂ ਸਰਫੇਸ ਸੀਡਰ ਵਰਗੀਆਂ ਮਸ਼ੀਨਾਂ ਨਾਲ ਝੋਨੇ ਦੀ ਪਰਾਲੀ ਦੇ ਖੇਤ ਵਿੱਚ ਹੀ ਪ੍ਰਬੰਧਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਕਿਸਾਨਾਂ ਨੇ ਵੀ ਨੁਕਤੇ ਸਾਂਝੇ ਕੀਤੇ।