ਪੱਤਰ ਪ੍ਰੇਰਕ
ਮਸਤੂਆਣਾ ਸਾਹਿਬ, 7 ਸਤੰਬਰ
ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਖੇਤੀ ਵਿਰੋਧੀ ਆਰਡੀਨੈਂਸਾਂ ਅਤੇ ਬਿਜਲੀ ਸੋਧ ਬਿਲ 2020 ਖ਼ਿਲਾਫ਼ ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ ’ਤੇ 14 ਸਤੰਬਰ ਨੂੰ ਬਰਨਾਲੇ ਹੋਣ ਵਾਲੀ ‘ਵੰਗਾਰ ਰੈਲੀ’ ਦੀ ਤਿਆਰੀ ਦੇ ਸਬੰਧ ਵਿੱਚ ਕਿਰਤੀ ਕਿਸਾਨ ਯੂਨੀਅਨ ਨੇ ਪਿੰਡ ਦੁੱਗਾਂ, ਉਭਾਵਾਲ ਅਤੇ ਹਰੇੜੀ ਵਿੱਚ ਕਿਸਾਨਾਂ ਨੂੰ ਜਾਗਰੂਕ ਕੀਤਾ ਅਤੇ ਰੈਲੀ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਦਰਸ਼ਨ ਸਿੰਘ, ਭੁਪਿੰਦਰ ਸਿੰਘ ਲੌਂਗੋਵਾਲ, ਯੂਥ ਵਿੰਗ ਦੇ ਜ਼ਿਲ੍ਹਾ ਕਨਵੀਨਰ ਜਸਦੀਪ ਸਿੰਘ ਬਹਾਦਰਪੁਰ ਨੇ ਕਿਹਾ ਕਿ ਅੱਜ ਜਦੋਂ ਕਰੋਨਾ ਮਹਾਮਾਰੀ ਦੌਰਾਨ ਆਈ ਮੰਦੀ ਕਾਰਨ ਦੇਸ ਆਰਥਿਕ ਵਿਕਾਸ ਦੇ ਸਮੁੱਚੇ ਖੇਤਰਾਂ ਵਿੱਚ ਪਿੱਛੇ ਨੂੰ ਗਿਆ ਹੈ ਤਾਂ ਸਿਰਫ਼ ਖੇਤੀ ਖੇਤਰ ਨੇ ਹੀ ਲੋਕਾਂ ਨੂੰ ਰੁਜ਼ਗਾਰ ਦਿੱਤਾ ਹੈ ਤੇ ਆਰਥਿਕਤਾ ਨੂੰ ਵੀ ਹੁਲਾਰਾ ਦਿੱਤਾ ਹੈ। ਪਰ ਨਵੇਂ ਆਰਡੀਨੈਂਸ ਜਾਰੀ ਕਰਕੇ ਮੋਦੀ ਸਰਕਾਰ ਇਸ ਖੇਤਰ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨਾ ਚਾਹੁੰਦੀ ਹੈ। ਜੇ ਇਸ ਤਰ੍ਹਾਂ ਹੁੰਦਾ ਹੈ ਤਾਂ ਜਿੱਥੇ ਸਮੁੱਚਾ ਮੰਡੀਕਰਨ ਢਾਂਚਾ ਤਬਾਹ ਹੋਵੇਗਾ, ਉਥੇ ਕਿਸਾਨਾਂ ਨੂੰ ਫ਼ਸਲ ਦਾ ਪੂਰਾ ਮੁੱਲ ਨਹੀਂ ਮਿਲੇਗਾ ਅਤੇ ਕਿਸਾਨਾਂ ਦੀਆਂ ਜ਼ਮੀਨਾਂ ਕਾਰਪੋਰੇਟ ਘਰਾਣੇ ਹੜੱਪ ਕਰ ਜਾਣਗੇ। ਇਸ ਨਾਲ ਦੇਸ ਅੰਦਰ ਵੱਡੀ ਪੱਧਰ ਤੇ ਬੇਰੁਜ਼ਗਾਰੀ ਫੈਲੇਗੀ। ਪਰ ਪੰਜਾਬ ਦੇ ਕਿਸਾਨ ਮੋਦੀ ਸਰਕਾਰ ਦੀਆਂ ਇਨ੍ਹਾਂ ਚਾਲਾਂ ਦਾ ਡਟ ਕੇ ਮੁਕਾਬਲਾ ਕਰਨਗੇ। ਆਗੂਆਂ ਨੇ ਕਿਸਾਨਾਂ ਨੂੰ ਵੱਡੀ ਲਾਮਬੰਦੀ ਕਰਕੇ ਬਰਨਾਲੇ ਰੈਲੀ ’ਚ ਪਹੁੰਚਣ ਦਾ ਸੱਦਾ ਦਿੱਤਾ। ਇਸ ਸਮੇਂ ਇਕਾਈ ਉਭਾਵਾਲ ਦੇ ਪ੍ਰਧਾਨ ਸੁਖਦੇਵ ਸਿੰਘ, ਯੂਥ ਆਗੂ ਲਖਵਿੰਦਰ ਸਿੰਘ ਉਭਾਵਾਲ, ਬਲਵੀਰ ਸਿੰਘ ਬਹਾਦਰਪੁਰ ਅਤੇ ਸਾਉਣ ਸਿੰਘ ਹਰੇੜੀ ਹਾਜ਼ਰ ਸਨ।