ਜਗਤਾਰ ਸਿੰਘ ਨਹਿਲ
ਲੌਂਗੋਵਾਲ, 24 ਸਤੰਬਰ
ਲੌਂਗੋਵਾਲ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬਲਾਕ ਆਗੂ ਸਰੂਪ ਚੰਦ ਕਿਲਾਭਰੀਆਂ ਦੀ ਪ੍ਰਧਾਨਗੀ ਹੇਠ 27 ਸਤੰਬਰ ਦੇ ਦਿੱਤੇ ਬੰਦ ਦੇ ਸੱਦੇ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਮੋਟਰਸਾਈਕਲਾਂ ’ਤੇ ਚੇਤਨਾ ਰੈਲੀ ਕੱਢੀ ਗਈ। ਇਹ ਰੈਲੀ ਗੁੱਗਾ ਮਾੜੀ ਤੋਂ ਸ਼ੁਰੂ ਹੋ ਕੇ ਲੌਂਗੋਵਾਲ ਦੇ ਬਾਜ਼ਾਰਾਂ ’ਚੋਂ ਦੀ ਲੰਘਦੀ ਹੋਈ ਅਨਾਜ ਮੰਡੀ ਲੌਂਗੋਵਾਲ ਵਿੱਚ ਖਤਮ ਹੋਈ। ਇਸ ਰੈਲੀ ਨੂੰ ਰਣਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਸੰਗਰੂਰ ਨੇ ਸੰਬੋਧਨ ਕਰਦਿਆਂ ਕਿਹਾ ਕਿ 27 ਸਤੰਬਰ ਨੂੰ ਭਾਰਤ ਬੰਦ ਦੇ ਦਿੱਤੇ ਗਏ ਸੱਦੇ ਨੂੰ ਪੂਰਨ ਤੌਰ ’ਤੇ ਲਾਗੂ ਕਰਨਾ ਹੈ ਅਤੇ 28 ਸਤੰਬਰ ਨੂੰ ਬਰਨਾਲਾ ਵਿੱਚ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਵੱਡੇ ਪੱਧਰ ’ਤੇ ਮਨਾਉਣ ਲਈ ਲੋਕਾਂ ਨੂੰ ਲਾਮਬੰਦ ਕੀਤਾ। ਇਸ ਰੈਲੀ ਨੂੰ ਬੂਟਾ ਸਿੰਘ, ਦਰਬਾਰਾ ਸਿੰਘ, ਕੁਲਵਿੰਦਰ ਸਿੰਘ ਸੋਨੀ ਲੌਂਗੋਵਾਲ, ਰਮਨਦੀਪ ਸਿੰਘ, ਅਮਰਜੀਤ ਸਿੰਘ, ਅਮਰ ਸਿੰਘ ਲੌਂਗੋਵਾਲ ਆਦਿ ਆਗੂਆਂ ਨੇ ਸੰਬੋਧਨ ਕੀਤਾ।
ਹਰਪਾਲਪੁਰ ਤੋਂ ਕਿਸਾਨਾਂ ਦਾ ਕਾਫਲਾ ਸਿੰਘੂ ਬਾਰਡਰ ਲਈ ਰਵਾਨਾ
ਘਨੌਰ (ਪੱਤਰ ਪ੍ਰੇਰਕ): ਕਿਸਾਨ ਆਗੂ ਸੰਤ ਜੈ ਸਿੰਘ ਅਤੇ ਰਾਜਿੰਦਰ ਸਿੰਘ ਦੀ ਅਗਵਾਈ ਵਿੱਚ ਪਿੰਡ ਹਰਪਾਲਪੁਰ ਵਾਸੀ ਕਿਸਾਨ ਲਾਭ ਸਿੰਘ, ਸੁਖਵਿੰਦਰ ਸਿੰਘ, ਅਮਰਜੀਤ ਸਿੰਘ, ਚਰਨ ਸਿੰਘ, ਹਰਵਿੰਦਰ ਸਿੰਘ, ਨਰਿੰਦਰ ਸਿੰਘ ਨਿੰਦੀ ਅਤੇ ਭਾਗ ਸਿੰਘ ਦਾ 47ਵਾਂ ਕਾਫਲਾ ਇਥੋਂ ਦੇ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਕਰਨ ਉਪਰੰਤ ਸਿੰਘੂ ਬਾਰਡਰ ਲਈ ਰਵਾਨਾ ਹੋਇਆ। ਇਸ ਮੌਕੇ ਕਿਸਾਨ ਆਗੂ ਸੰਤ ਜੈ ਸਿੰਘ ਅਤੇ ਰਾਜਿੰਦਰ ਸਿੰਘ ਸਮੇਤ ਹੋਰਾਂ ਨੇ ਕਿਹਾ ਕਿ 10 ਮਹੀਨੇ ਤੋਂ ਕਿਸਾਨ ਖੇਤੀ ਕਾਨੂੰਨ ਰੱਦ ਕਰਵਾਉਣ ਦੀ ਮੰਗ ਸਬੰਧੀ ਦਿੱਲੀ ਵਿੱਚ ਅੰਦੋਲਨ ਕਰ ਰਹੇ ਹਨ ਪਰ ਕੇਂਦਰ ਦੀ ਮੋਦੀ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ।