ਬੀਰਬਲ ਰਿਸ਼ੀ
ਸ਼ੇਰਪੁਰ, 1 ਜੁਲਾਈ
ਪੰਜਾਬ ਦੇ ਮੁੱਖ ਮੰਤਰੀ ਦੇ ਹਲਕੇ ਅੰਦਰਲੇ ਪਿੰਡ ਘਨੌਰ ਕਲਾਂ-ਕਲੇਰਾਂ ਲਿੰਕ ਸੜਕ ਦਾ ਤਕਰੀਬਨ ਤਿੰਨ ਕਿੱਲੋਮੀਟਰ ਦਾ ਅੱਧ ਵਿਚਕਾਰ ਛੱਡਿਆ ਟੋਟਾ ਮੁੜ ਬਣਾਉਣ ’ਚ ਟਾਲ-ਮਟੋਲ ਕਰਨ ’ਤੇ ਕਿਸਾਨਾਂ ਨੇ ਐਕਸੀਅਨ ਦਾ ਪੁਤਲਾ ਫੂਕਿਆ। ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਅਮਰੀਕ ਸਿੰਘ ਘਨੌਰ, ਕਿਸਾਨ ਆਗੂ ਗੁਰਮੀਤ ਸਿੰਘ ਘਨੌਰ, ਗੁਰਜੀਵਨ ਸਿੰਘ ਜੀਨਾ, ਬਲਵਿੰਦਰ ਸਿੰਘ ਅਤੇ ਗੁਰਚਰਨ ਸਿੰਘ ਨੇ ਦੱਸਿਆ ਕਿ ਘਨੌਰ ਪਿੰਡ ਦੀ ਫਿਰਨੀ ਤੋਂ ਕਲੇਰਾਂ ਤੱਕ ਤਕਰੀਬਨ 2 ਕੁ ਕਿੱਲੋਮੀਟਰ ਸੜਕ ’ਤੇ ਰੋੜੀ ਪੈ ਚੁੱਕੀ ਹੈ ਅਤੇ ਲੁੱਕ ਪਾਈ ਜਾਣੀ ਬਾਕੀ ਹੈ। ਵਿਭਾਗ ਦੇ ਐਕਸੀਅਨ ਦੇ ਕਈ ਵਾਰ ਧਿਆਨ ਵਿੱਚ ਲਿਆ ਚੁੱਕੇ ਹਾਂ ਪਰ ਉਨ੍ਹਾਂ ਨੇ ਲਾਰਿਆ ਤੋਂ ਸਿਵਾਏ ਲੋਕਾ ਦੇ ਕੁਝ ਪੱਲੇ ਨਹੀਂ ਪਾਇਆ। ਉਧਰ ਪਿੰਡ ਕਲੇਰਾਂ ਨਾਲ ਸਬੰਧਤ ਕਿਰਤੀ ਕਿਸਾਨ ਯੂਨੀਅਨ ਦੇ ਮੋਹਰੀ ਆਗੂ ਸੁਖਚੈਨ ਸਿੰਘ ਕਲੇਰਾਂ, ਚਰਨਜੀਤ ਸਿੰਘ, ਅਮਰਜੀਤ ਸਿੰਘ ਅਤੇ ਜੁਗਰਾਜ ਸਿੰਘ ਨੇ ਕਿਹਾ ਕਿ ਤਕਰੀਬਨ ਅੱਠ ਕੁ ਮਹੀਨੇ ਪਹਿਲਾਂ ਕਲੇਰਾਂ ਵਾਲੇ ਪਾਸਿਓਂ ਪਿੰਡ ਘਨੌਰ ਕਲਾਂ ਦੀ ਹਦੂਦ ਤੱਕ ਬਣੀ ਉਕਤ ਲਿੰਕ ਸੜਕ ਟੁੱਟਣੀ ਸ਼ੁਰੂ ਹੋਈ, ਜਿਸ ਲਈ ਐੱਸਡੀਐੱਮ ਧੂਰੀ ਨੂੰ ਇਨਕੁਆਰੀ ਅਫ਼ਸਰ ਲਗਾਇਆ ਪਰ ਪੰਚਾਇਤੀ ਵਿਭਾਗ ਨੇ ਜਾਂਚ ਅਧਿਕਾਰੀ ਨੂੰ ਰਿਕਾਰਡ ਦੇਣ ਤੋਂ ਵੀ ਬਗਾਬਤ ਕਰ ਦਿੱਤੀ। ਕਿਰਤੀ ਕਿਸਾਨ ਯੂਨੀਅਨ ਨੇ ਇਸ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਵੇਖਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਪੂਰੇ ਮਾਮਲੇ ਦੀ ਵਿਜੀਲੈਂਸ ਜਾਂਚ ਦੀ ਮੰਗ ਦੁਹਰਾਈ ਹੈ। ਉਕਤ ਆਗੂਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਚਾਇਤ ਵਿਭਾਗ ਨੂੰ 5 ਜੁਲਾਈ ਤੱਕ ਦਾ ਅਲਟੀਮੇਟਮ ਦਿੰਦਿਆਂ 6 ਅਤੇ 7 ਜੁਲਾਈ ਤੋਂ ਇਲਾਕੇ ਦੇ ਪਿੰਡਾਂ ’ਚ ਦੋ ਰੋਜ਼ਾ ਝੰਡਾ ਮਾਰਚ ਕਰਕੇ ਮੁੱਖ ਮੰਤਰੀ ਦੇ ਹਲਕੇ ਅੰਦਰ ਪੰਚਾਇਤੀ ਰਾਜ ਵੱਲੋਂ ਕਰਵਾਏ ਕੰਮਾਂ ਦੀਆਂ ਕਥਿਤ ਵੱਡੀਆਂ ਊਣਤਾਈਆਂ ਨੂੰ ਜੱਗ ਜ਼ਾਹਰ ਕੀਤਾ ਜਾਵੇਗਾ। ਉੱਥੇ ਵੱਖ-ਵੱਖ ਪਿੰਡਾਂ ਵਿੱਚ ਪੰਚਾਇਤੀ ਰਾਜ ਨੂੰ ਵਿਕਾਸ ਕਾਰਜਾਂ ਲਈ ਪਾਈ ਜਾ ਰਹੀ ਕਰੋੜਾਂ ਦੀ ਰਾਸ਼ੀ ਦਾ ਮੰਤਵ ਬਦਲਾ ਕੇ ਕੰਮ ਪਿੰਡ ਪੱਧਰ ’ਤੇ ਕਰਵਾਏ ਜਾਣ ਲਈ ਜਾਗਰੂਕ ਕੀਤਾ ਜਾਵੇਗਾ।