ਗੁਰਦੀਪ ਸਿੰਘ ਲਾਲੀ
ਸੰਗਰੂਰ, 24 ਫਰਵਰੀ
ਇੱਥੋਂ ਨੇੜਲੇ ਪਿੰਡ ਬਡਰੁੱਖਾਂ ਦੇ ਵਿਚਕਾਰ ਦੀ ਲੰਘਦੇ ਜ਼ੀਰਕਪੁਰ-ਬਠਿੰਡਾ ਨੈਸ਼ਨਲ ਹਾਈਵੇਅ ਦੇ ਦੋਵੇਂ ਪਾਸੇ ਲੱਗੀਆਂ ਲਾਈਟਾਂ ਦੀ ਬੱਤੀ ਪਿਛਲੇ ਕਰੀਬ ਇੱਕ ਮਹੀਨੇ ਤੋਂ ਗੁੱਲ ਹੈ ਜਿਸ ਕਾਰਨ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਸੜਕ ਹਾਦਸਿਆਂ ਦਾ ਖਦਸ਼ਾ ਬਣਿਆ ਰਹਿੰਦਾ ਹੈ। ਇਸ ਸਮੱਸਿਆ ਵੱਲ ਸਰਕਾਰ ਜਾਂ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈ।
ਜ਼ੀਰਕਪੁਰ-ਬਠਿੰਡਾ ਨੈਸ਼ਨਲ ਹਾਈਵੇਅ ਉੱਪਰ ਪਿੰਡ ਬਡਰੁੱਖਾਂ ਵਿੱਚ ਦੋਵੇਂ ਪਾਸੇ ਲਾਈਟਾਂ ਲੱਗੀਆਂ ਹੋਈਆਂ ਹਨ ਤਾਂ ਜੋ ਰਾਤ ਸਮੇਂ ਇਥੋਂ ਦੀ ਲੰਘਣ ਵਾਲੇ ਵਾਹਨ ਚਾਲਕਾਂ ਅਤੇ ਲੋਕਾਂ ਨੂੰ ਕੋਈ ਮੁਸ਼ਕਲ ਨਾ ਆਵੇ ਪਰ ਇਹ ਲਾਈਟਾਂ ਪਿਛਲੇ ਕਰੀਬ ਇੱਕ ਮਹੀਨੇ ਤੋਂ ਬੰਦ ਪਈਆਂ ਹਨ। ਨੈਸ਼ਨਲ ਹਾਈਵੇਅ ’ਤੇ ਆਵਾਜਾਈ ਰਹਿੰਦੀ ਹੈ। ਪਿੰਡ ਦੇ ਲੋਕਾਂ ਦਾ ਵੀ ਦੋਵੇਂ ਪਾਸੇ ਆਉਣਾ-ਜਾਣਾ ਬਣਿਆ ਰਹਿੰਦਾ ਹੈ। ਪਿੰਡ ’ਚ ਕਰੀਬ ਡੇਢ-ਦੋ ਕਿਲੋਮੀਟਰ ਤੱਕ ਨੈਸ਼ਨਲ ਹਾਈਵੇਅ ਲੰਘਦਾ ਹੈ ਜਿਸ ਉਪਰ ਲੱਗੀਆਂ ਲਾਈਟਾਂ ਦੀ ਬੱਤੀ ਗੁੱਲ ਹੋਣ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਲਾਈਟਾਂ ਪਿਛਲੇ ਕਈ ਮਹੀਨਿਆਂ ਤੋਂ ਬੰਦ ਸਨ ਜੋ ਜਨਵਰੀ ਮਹੀਨੇ ’ਚ ਕੁਝ ਸਮਾਂ ਜ਼ਰੂਰ ਜਗੀਆਂ ਸਨ ਪਰ ਹੁਣ ਫ਼ਿਰ ਬੰਦ ਹਨ। ਪਿੰਡ ’ਚ ਸਥਿਤ ਦੋਵੇਂ ਕੱਟਾਂ ਉੱਪਰ ਵੀ ਲੱਗੀਆਂ ਟਰੈਫਿਕ ਲਾਈਟਾਂ ਨਹੀਂ ਚਲ ਰਹੀਆਂ ਜਿਸ ਕਾਰਨ ਹਾਈਵੇਅ ਉਪਰੋਂ ਲੰਘਦੇ ਤੇਜ਼ ਰਫ਼ਤਾਰ ਵਾਹਨਾਂ ਨੂੰ ਕੱਟ ਹੋਣ ਦਾ ਪਤਾ ਵੀ ਨਹੀਂ ਚਲਦਾ। ਲਾਈਟਾਂ ਬੰਦ ਹੋਣ ਕਾਰਨ ਹਰ ਸਮੇਂ ਹਾਦਸਿਆਂ ਦਾ ਡਰ ਬਣਿਆ ਰਹਿੰਦਾ ਹੈ।
ਭਾਵੇਂ ਨੈਸ਼ਨਲ ਹਾਈਵੇਅ ਉੱਪਰ ਟੌਲ ਪਲਾਜ਼ੇ ਵੀ ਮੁੜ ਚਾਲੂ ਹੋ ਚੁੱਕੇ ਹਨ ਅਤੇ ਵਾਹਨਾਂ ਤੋਂ ਟੌਲ ਟੈਕਸ ਵਸੂਲਿਆ ਜਾ ਰਿਹਾ ਹੈ ਪਰ ਹਾਈਵੇਅ ਉੱਪਰ ਲਾਈਟਾਂ ਬੰਦ ਪਈਆਂ ਹਨ ਜੋ ਬੰਦ ਨਹੀਂ ਹੋਣੀਆਂ ਚਾਹੀਦੀਆਂ।
ਪਿੰਡ ਬਡਰੁੱਖਾਂ ਦੇ ਮੋਹਤਬਰ ਰਾਜਿੰਦਰ ਪਾਲ ਦਾ ਕਹਿਣਾ ਹੈ ਕਿ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਲਾਈਟਾਂ ਸਹੀ ਢੰਗ ਨਾਲ ਨਹੀਂ ਚੱਲੀਆਂ। ਪਹਿਲਾਂ ਕਈ ਮਹੀਨੇ ਬੰਦ ਰਹੀਆਂ। ਹੁਣ ਜਨਵਰੀ ’ਚ ਚਾਲੂ ਹੋਈਆਂ ਸਨ ਪਰ ਕਰੀਬ ਇੱਕ ਮਹੀਨੇ ਤੋਂ ਮੁੜ ਬੰਦ ਪਈਆਂ ਹਨ। ਪਿੰਡ ਦੇ ਲੋਕ ਸ਼ਾਮ ਵੇਲੇ ਰੋਜ਼ਾਨਾ ਆਪਣੇ ਖੇਤਾਂ ’ਚੋਂ ਬਲਦ-ਰੇਹੜਿਆਂ ਰਾਹੀਂ ਹਰਾ-ਚਾਰਾ ਲੈ ਕੇ ਆਉਂਦੇ ਹਨ ਜਿਨ੍ਹਾਂ ਨੂੰ ਹਨ੍ਹੇਰੇ ’ਚ ਨੈਸ਼ਨਲ ਹਾਈਵੇਅ ਨੂੰ ਕਰਾਸ ਕਰਨਾ ਪੈਂਦਾ ਹੈ। ਤੇਜ਼ ਰਫ਼ਤਾਰ ਆਵਾਜਾਈ ਕਾਰਨ ਹਨ੍ਹੇਰੇ ਵਿਚ ਹਾਈਵੇਅ ਤੋਂ ਲੰਘਣਾ ਖ਼ਤਰੇ ਤੋਂ ਖਾਲੀ ਨਹੀਂ ਹੈ। ਪਿੰਡ ਦੇ ਸਰਪੰਚ ਕੁਲਜੀਤ ਸਿੰਘ ਸਮੇਤ ਸਮੁੱਚੀ ਪੰਚਾਇਤ ਨੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਨੈਸ਼ਨਲ ਹਾਈਵੇਅ ਦੀਆਂ ਬੰਦ ਪਈਆਂ ਲਾਈਟਾਂ ਨੂੰ ਚਾਲੂ ਕਰਵਾਇਆ ਜਾਵੇ ਤਾਂ ਜੋ ਸੜਕ ਹਾਦਸਿਆਂ ਤੋਂ ਬਚਾਅ ਹੋ ਸਕੇ।