ਰਣਜੀਤ ਸਿੰਘ ਸ਼ੀਤਲ
ਦਿੜ੍ਹਬਾ ਮੰਡੀ, 18 ਜੁਲਾਈ
ਸਰਕਾਰੀ ਸਕੂਲਾਂ ਦੀਆਂ ਕੰਧਾਂ ’ਤੇ ਰੰਗ-ਰੋਗਨ ਕਰਕੇ ਸਮਾਰਟ ਸਕੂਲ ਦਾ ਦਰਜਾ ਤਾਂ ਦੇ ਦਿੱਤਾ ਪਰ ਹਕੀਕਤ ਕੁਝ ਹੋਰ ਹੀ ਬਿਆਨ ਕਰ ਰਹੀ ਹੈ। ਬਾਹਰੋਂ ਲਿਸਕਦੇ ਬਹੁਤੇ ਸਰਕਾਰੀ ਸਕੂਲਾਂ ਵਿੱਚ ਕਮਰਿਆਂ, ਬਾਥਰੂਮਾਂ ਅਤੇ ਸਫਾਈ ਦਾ ਮੰਦਾ ਹਾਲ ਹੈ। ਸਿੱਖਿਆ ਵਿਭਾਗ ਦੇ ਅਧਿਕਾਰੀ ਇਸ ਪਾਸੇ ਧਿਆਨ ਦੇਣ ਦੀ ਥਾਂ ਕਾਗਜ਼ਾਂ ਦੇ ਢਿੱਡ ਭਰਨ ਤੱਕ ਹੀ ਸੀਮਤ ਰਹਿ ਗਏ ਹਨ। ਇਸ ਦੀ ਮਿਸਾਲ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦਿੜ੍ਹਬਾ ਤੋਂ ਮਿਲਦੀ ਹੈ। ਜਦ ਇਸ ਪੱਤਰਕਾਰ ਨੇ ਦਿੜ੍ਹਬਾ ਦੇ ਸਕੂਲ ਦਾ ਦੌਰਾ ਕੀਤਾ ਤਾਂ ਦੇਖਿਆ ਸਕੂਲ ਵਿੱਚ ਬਾਥਰੂਮਾਂ ਦੀ ਸਫਾਈ ਨਹੀਂ ਅਤੇ ਨਾ ਹੀ ਟੂਟੀਆਂ ਦਾ ਕੋਈ ਪ੍ਰਬੰਧ। ਇਸ ਤੋਂ ਇਲਾਵਾ ਸਕੂਲ ਦੇ ਪੁਰਾਣੇ ਕਮਰਿਆਂ ਦੇ ਪਿੱਛੇ ਘਾਹ ਫੂਸ ਉੱਗਿਆ ਪਿਆ ਹੈ, ਜਿਸ ਵਿੱਚੋਂ ਕਿਸੇ ਵੀ ਸਮੇਂ ਕੋਈ ਜ਼ਹਿਰੀਲਾ ਜੀਵ ਬੱਚਿਆਂ ਦੀ ਜਾਨ ਲਈ ਖ਼ਤਰਾ ਬਣ ਸਕਦਾ ਹੈ। ਕਈ ਵਾਰ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਬੱਚਿਆਂ ਦੀ ਇਸ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ ਗਿਆ। ਭਾਵੇਂ ਸਿੱਖਿਆ ਅਧਿਕਾਰੀ ਵੀ ਆਏ ਹਨ ਪਰੰਤੂ ਉਹਨਾਂ ਦਾ ਵੀ ਇਸ ਪਾਸੇ ਧਿਆਨ ਨਹੀਂ ਗਿਆ। ਇਸ ਸਬੰਧੀ ਸਕੂਲ ਦੀ ਇੰਚਾਰਜ ਨੇ ਕਿਹਾ ਕਿ ਸਕੂਲ ਦੀ ਹੈੱਡ ਟੀਚਰ ਛੁੱਟੀ ’ਤੇ ਹੈ ਪਰੰਤੂ ਫਿਰ ਵੀ ਸਕੂਲ ਦੀ ਸਫਾਈ ਜਲਦੀ ਕਰਵਾਈ ਜਾਵੇਗੀ। ਇਸ ਸਬੰਧੀ ਸੈਂਟਰ ਹੈਡ ਟੀਚਰ ਜਗਤਾਰ ਸਿਘ ਨੇ ਦੱਸਿਆ ਕਿ ਬਾਥਰੂਮਾਂ ਅਤੇ ਸਕੂਲ ਦੀ ਸਫਾਈ ਤੋਂ ਇਲਾਵਾ ਘਾਹ ਫੂਸ ਦੀ ਜਲਦੀ ਸਫਾਈ ਕਰਵਾਈ ਜਾਵੇਗੀ।